ਟਰਾਂਸਪੋਰਟ ਵਿਭਾਗ ਨੇ 4504 ਸਕੂਲੀ ਵਾਹਨਾਂ ਦੀ ਕੀਤੀ ਜਾਂਚ, 1649 ਦੇ ਚਲਾਨ ਤੇ 253 ਵਾਹਨਾਂ ਨੂੰ ਕੀਤਾ ਜ਼ਬਤ

ਚੰਡੀਗੜ: ਲੌਂਗੋਵਾਲ ਸਕੂਲ ਵੈਨ ਵਿੱਚ ਅੱਗ ਲੱਗਣ ਦੀ ਵਾਪਰੀ ਦੁਖਦਾਈ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ’ਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ 4504 ਸਕੂਲੀ ਵਾਹਨਾਂ ਦੀ ਜਾਂਚ ਕੀਤੀ ਜਿਨਾਂ ਵਿੱਚੋਂ ਮੋਟਰ ਵਾਹਨ ਕਾਨੂੰਨ ਦੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ’ਤੇ 1649 ਵਾਹਨਾਂ ਦੇ ਚਲਾਨ ਕੀਤੇ ਜਦੋਂ ਕਿ 253 ਨੂੰ ਜ਼ਬਤ ਕੀਤਾ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀ ਮੁਹਿੰਮ ਨਾਲ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਅਜਿਹੇ ਸਾਰੇ ਵਾਹਨ ਸੁਰੱਖਿਆ ਲਈ ਲੋੜੀਂਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।

ਗੌਰਤਲਬ ਹੈ ਕਿ ਸ਼ਨਿਚਰਵਾਰ ਨੂੰ ਲੌਂਗੋਵਾਲ ਨੇੜੇ ਇਕ ਸਕੂਲ ਵੈਨ ਵਿੱਚ ਅੱਗ ਲੱਗਣ ਦੀ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਵਿਭਾਗ ਨੂੰ ਸਕੂਲੀ ਵਾਹਨਾਂ ਦੀ ਚੈਕਿੰਗ ਦੀ ਆਦੇਸ਼ ਦਿੰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ।