ਬਹੁਚਰਚਿਤ ਪ੍ਰਿੰਸੀਪਲ ਰਿੱਤੂ ਛਾਬੜਾ ਕਤਲ ਕੇਸ ‘ਚ ਦੋਸ਼ੀ ਵਿਦਿਆਰਥੀ ਨੂੰ ਹੋਈ ਉਮਰ ਕੈਦ

ਯਮੁਨਾਨਗਰ: ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੀ ਪ੍ਰਿੰਸੀਪਲ ਰਿੱਤੂ ਛਾਬੜਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਸ਼ਿਵਾਂਸ਼ ਗੁੰਬਰ ਨੂੰ ਫਾਸਟ ਟਰੈਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ 10,000 ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਮਾਮਲਾ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੀ ਥਾਪਰ ਕਲੋਨੀ ਦਾ ਸੀ। 25 ਫਰਵਰੀ ਨੂੰ ਸ਼ਿਵਾਂਸ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਦਕਿ ਆਰਮਜ਼ ਐਕਟ ਵਿੱਚ ਉਸ ਦੇ ਪਿਤਾ ਰਣਜੀਤ ਉਰਫ ਸੰਜੇ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।20 ਜਨਵਰੀ, 2018 ਨੂੰ ਸਵਾਮੀ ਵਿਵੇਕਾਨੰਦ ਸਕੂਲ ਵਿਖੇ ਇੱਕ ਪੇਰੈਂਟ ਟੀਚਰ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ, 12 ਵੀਂ ਜਮਾਤ ਦਾ ਵਿਦਿਆਰਥੀ ਸ਼ਿਵਾਂਸ਼ ਪ੍ਰਿੰਸੀਪਲ ਰੀਤੂ ਛਾਬੜਾ ਦੇ ਕਮਰੇ ਵਿੱਚ ਆਇਆ ਤੇ ਰਿਵਾਲਵਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਪ੍ਰਿੰਸੀਪਲ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਘਟਨਾ ਤੋਂ ਬਾਅਦ ਸਕੂਲ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਸ਼ਿਵਾਂਸ਼ ਪਿਸਤੌਲ ਦਿਖਾਉਂਦੇ ਹੋਏ ਭੱਜ ਗਿਆ। ਬਾਅਦ ਵਿੱਚ, ਲੋਕਾਂ ਨੇ ਕੁਝ ਦੂਰੀ ‘ਤੇ ਸ਼ਿਵਾਂਸ਼ ਨੂੰ ਫੜ ਲਿਆ ਤੇ ਉਸ ਦੀ ਕੁੱਟ ਮਾਰ ਕੀਤੀ।ਉਧਰ, ਪ੍ਰਿੰਸੀਪਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪ੍ਰਿੰਸੀਪਲ ਨੇ ਸ਼ਿਵਾਂਸ਼ ਦੀ ਪ੍ਰੈਕਟੀਕਲ ਫਾਈਲ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਈਰਖਾ ਵਿੱਚ ਉਸ ਨੇ ਆਪਣੇ ਪਿਤਾ ਦੇ ਲਾਇਸੰਸੀ ਰਿਵਾਲਵਰ ਨਾਲ ਫਾਇਰਿੰਗ ਕਰ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਸੀ।