35 ਲੱਖ 60 ਹਜ਼ਾਰ ਡਰੱਗ ਮਨੀ ਤੇ ਵੱਡੀ ਗਿਣਤੀ ਵਿਚ ਗੋਲੀਆਂ ਸਣੇ 1 ਹੋਰ ਤਸਕਰ ਕਾਬੂ

ਬਰਨਾਲਾ  :ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀ ਕੜੀ ਦੇ ਤਹਿਤ ਹੀ ਲਗਾਤਾਰ ਅੱਗੇ ਵਧ ਰਹੀ ਬਰਨਾਲਾ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰ ਤੇ ਆਰਕੇ ਫਰਮ ਮਲੇਰਕੋਟਲਾ ਦੇ ਮਾਲਿਕ ਰਜਿੰਦਰ ਕੁਮਾਰ ਨੂੰ 35 ਲੱਖ 60 ਹਜ਼ਾਰ ਡਰੱਗ ਮਨੀ ਤੇ 1 ਲੱਖ 60 ਹਜ਼ਾਰ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਿਛਲੇ ਦਿਨੀਂ ਗ੍ਰਿਫਤਾਰ  ਕੀਤੇ ਰਿੰਕੂ ਮਿੱਤਲ ਦੇ ਇੱਕ ਹੋਰ ਸਾਥੀ ਰਜਿੰਦਰ ਕੁਮਾਰ ਮਲੇਰਕੋਟਲਾ ਬਾਰੇ ਦੋਸ਼ੀਆਂ ਦੀ ਪੁਲਿਸ ਤਫਤੀਸ਼ ਦੌਰਾਨ ਖੁਲਾਸਾ ਹੋਇਆ ਸੀ। ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਲੁਕਾ-ਛੁਪਾ ਕੇ ਰੱਖੀਆਂ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ ਕੀਤੀ ਗਈ। ਦੋਸ਼ੀ ਨੂੰ ਬਰਨਾਲਾ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਮਜੀਦ ਪੁੱਛਗਿੱਛ ਤੋਂ ਹੋਰ ਵੀ ਰਿਕਵਰੀ ਹੋਣ ਤੇ ਰੈਕਟ ਵਿੱਚ ਸਾਮਿਲ ਹੋਰ ਦੋਸ਼ੀਆਂ ਦੇ ਬਾਰੇ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉੱਧਰ 5 ਦਿਨਾਂ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੇ ਨਸ਼ਾ ਤਸਕਰ ਤਾਇਬ ਕੁਰੈਸ਼ੀ, ਨਰੇਸ਼ ਕੁਮਾਰ ਰਿੰਕੂ ਮਿੱਤਲ ਦੇ ਸਾਥੀ ਕੈਮਿਸਟਾਂ ਪ੍ਰੇਮ ਉਰਫ ਨੀਟੂ ਤੇ ਰੁਪੇਸ਼ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੇ ਜੱਜ ਵਿਨੀਤ ਨਾਰੰਗ ਨੇ ਉਕਤ ਤਿੰਨੋਂ ਦੋਸ਼ੀਆਂ ਦਾ 2 ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਬਨਾਰਸ ਵਾਲੇ 6 ਦੋਸ਼ੀਆਂ ਚੋਂ ਹਾਲੇ ਤੱਕ ਕੋਈ ਵੀ ਪੁਲਿਸ ਪਾਰਟੀ ਦੇ ਹੱਥ ਨਹੀ ਲੱਗਿਆ। ਉਨ੍ਹਾਂ ਕਿਹਾ ਕਿ ਕੋਈ ਵੀ ਨਸ਼ਾ ਤਸਕਰੀ ਦਾ  ਪਲੇਅਰ ਬਖਸ਼ਿਆ ਨਹੀ ਜਾਵੇਗਾ। ਭਾਂਵੇ ਉਹ ਸਿੱਧੇ ‘ਤੇ ਭਾਂਵੇ ਅਸਿੱਧੇ ਤੌਰ ‘ਤੇ ਸ਼ਮਿਲ ਹੋਵੇ। ਇਸ ਮੌਕੇ ‘ਤੇ ਐਸਪੀਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਦਿਉਲ ਵੀ ਹਾਜ਼ਿਰ ਰਹੇ। ਵਰਨਣਯੋਗ ਹੈ ਕਿ ਪੁਲਿਸ ਹੁਣ ਤੱਕ ਰੈਕਟ ਦੇ ਮੁਖੀਆ ਨਰੇਸ਼ ਕੁਮਾਰ ਰਿੰਕੂ ਮਿੱਤਲ ਸਮੇਤ ਰੈਕਟ ਦੇ ਕੁੱਲ 8 ਮੈਂਬਰਾਂ ਨੂੰ ਗ੍ਰਿਫਤਾਰ  ਕਰ ਚੁੱਕੀ ਹੈ।