ਇਟਲੀ ‘ਚ ਕੋਰੋਨਾਵਾਇਰਸ ਕਾਰਨ ਇਕ ਦਿਨ ਹੋਈਆਂ 475 ਮੌਤਾਂ, ਦਹਿਸ਼ਤ ਦਾ ਮਾਹੌਲ

ਇਟਲੀ : ਇਟਲੀ ਵਿਚ ਕੋਰੋਨਾਵਾਇਰਸ ਕਾਰਨ ਇਕ ਹੀ ਦਿਨ ਵਿਚ 475 ਮੌਤਾਂ ਹੋਣ ਦੀ ਖਬਰ ਹੈ। ਇਸ ਨਾਲ ਸਾਰੇ ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਹੁਣ ਤੱਕ ਕਿਸੇ ਵੀ ਦੇਸ਼ ‘ਚ ਇਸ ਬਿਮਾਰੀ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਇਹ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਇਟਲੀ ਵਿਚ ਹੀ ਪਿਛਲੇ ਦਿਨੀਂ 24 ਘੰਟਿਆਂ ਦੌਰਾਨ 368 ਲੋਕਾਂ ਦੀ ਮੌਤ ਹੋ ਗਈ ਸੀ। ਇਟਲੀ ਇਸ ਵੇਲੇ ਪੂਰੀ ਤਰਾਂ ਬੰਦ ਹੈ ਤੇ ਸਰਕਾਰ ਦੇ ਵੀ ਇਸ ਬਿਮਾਰੀ ਦਾ ਟਾਕਰਾ ਕਰਨ ਵਿਚ ਹੱਥ ਖੜੇ ਹੋ ਗਏ ਹਨ। ਸਿਰਫ ਇਟਲੀ ਵਿਚ ਹੀ ਹੁਣ ਤੱਕ ਇਸ ਬਿਮਾਰੀ ਨਾਲ 2978 ਮੌਤਾਂ ਹੋ ਚੁੱਕੀਆਂ ਹਨ। ਚੀਨ ਵਿਚ 3237 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਦੁਨੀਆਂ ਭਰ ਵਿਚ 2 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪਾਜ਼ੀਟਿਵ ਪਾਏ ਗਏ ਹਨ। ਭਾਰਤ ਵਿਚ ਕੋਰੋਨਾ ਦੇ 169 ਕੇਸ ਪਾਜ਼ੀਟਿਵ ਪਾਏ ਗਏ ਹਨ ਜਦਕਿ ਇਸ ਬਿਮਾਰੀ ਨਾਲ ਤਿੰਨ ਮੌਤਾਂ ਹੋ ਗਈਆਂ ਹਨ।