ਕਾਂਗਰਸ ਅੰਦਰ ਘਮਸਾਨ-ਸਿੱਧੂ ਤੇ ਮਹੰਤ ਕੇਵਲ ਢਿੱਲੋਂ ਨੂੰ ਕਹਿੰਦੇ ਆਹ ਚੁੱਕ ਅਹੁਦੇ,,,,

ਬਰਨਾਲਾ :ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੀਆਂ ਦੋਵੇਂ ਹੀ ਮਾਰਕੀਟ ਕਮੇਟੀਆਂ ਬਰਨਾਲਾ ਤੇ ਧਨੌਲਾ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਆਪਣੇ ਅਹੁਦਿਆਂ ਨੂੰ ਠੁਕਰਾ ਕੇ ਬਾਗੀ ਹੋ ਗਏ। ਰੈਸਟ ਹਾਊਸ ਚ ਸੱਦੀ ਪ੍ਰੈਸ ਕਾਨਫਰੰਸ ਵਿੱਚ ਧਨੌਲਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਤੇ ਬਰਨਾਲਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਬਲਦੇਵ ਦਾਸ ਮਹੰਤ ਨੇ ਅਹੁਦਾ ਨਾ ਸੰਭਾਲਣ ਦਾ ਐਲਾਨ ਕਰ ਦਿੱਤਾ। ਪਰੰਤੂ ਬਲਦੇਵ ਦਾਸ ਮਹੰਤ ਖੁਦ ਕਿਸੇ ਕਾਰਣ ਪ੍ਰੈਸ ਕਾਨਫਰੰਸ ਚ ਸ਼ਾਮਿਲ ਨਹੀਂ ਹੋ ਸਕੇ। ਉੱਨ੍ਹਾਂ ਦੀ ਤਰਫੋਂ ਅਹੁਦਾ ਠੁਕਰਾ ਦੇਣ ਦਾ ਐਲਾਨ ਸੀਨੀਅਰ ਐਡਵੋਕੇਟ ਤੇ ਕਾਂਗਰਸੀ ਆਗੂ ਜਤਿੰਦਰ ਬਹਾਦਰਪੁਰੀਆ ਨੇ ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਮੇਟੀ ਦਾ ਚੇਅਰਮੈਨ ਘੱਟ ਪੜ੍ਹਿਆ, ਤੇ ਮੈਂ ਬੀਏ ਪਾਸ,ਉਹ ਹਾਲੇ ਇੱਕ ਸਾਲ ਪਹਿਲਾ ਕਾਂਗਰਸ ਵਿੱਚ ਸ਼ਾਮਿਲ ਹੋਇਆ ਹੈ, ਸਾਡੇ ਪਰਿਵਾਰ ਨੇ ਕਰੀਬ ਚਾਲੀ ਵਰ੍ਹਿਆਂ ਤੋਂ ਕਾਂਗਰਸ ਦਾ ਝੰਡਾ ਚੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਜਿਲ੍ਹਾ ਪੱਧਰੀ ਸਰਕਾਰੀ ਅਧਿਕਾਰੀ ਰਿਟਾਇਰ ਹੋਇਆ ਹਾਂ। ਸਿੱਧੂ ਨੇ ਕਿਹਾ ਕਿ ਜਦੋਂ ਮੈਂ ਮਾਰਕੀਟ ਕਮੇਟੀਆਂ ਦੀ ਜਾਰੀ ਸੂਚੀ ਚ, ਅਪਣਾ ਨਾਮ ਵਾਈਸ ਚੇਅਰਮੈਨ ਦੇ ਤੌਰ ਤੇ ਦੇਖਿਆ ਤਾਂ, ਬੋਲਣ ਨੂੰ ਮਜਬੂਰ ਹੋ ਗਿਆ , ਕੇਵਲ ਸਿੰਘ ਢਿੱਲੋਂ ਨੂੰ ਫੋਨ ਲਾ ਕੇ ਉਲ੍ਹਾਮਾ ਦਿੱਤਾ ਕਿ ਮੈਂ ਕਦੇ ਤੁਹਾਡੇ ਤੋਂ ਕਿਸੇ ਅਹੁਦੇ ਦੀ ਮੰਗ ਨਹੀ ਕੀਤੀ ਸੀ, ਤੁਸੀ ਇਹ ਅਹੁਦਾ ਦੇ ਕੇ ਮੈਨੂੰ ਮਾਣ ਨਹੀ ਬਖਸ਼ਿਆ, ਸਗੋਂ ਅਪਮਾਣਿਤ ਕੀਤਾ ਹੈ। ਆਹ ਚੁੱਕੋ ਥੋਡਾ ਅਹੁਦਾ ਕਿਸੇ ਹੋਰ,  ਅਹੁਦੇ ਦੇ ਲਾਲਚੀ ਨੂੰ ਦੇ ਕੇ ਖੁਸ਼ ਕਰ ਦਿਉ। ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਹਰ ਪੱਖ ਤੋਂ ਆਪਣੇ ਤੋਂ ਜੂਨੀਅਰ ਵਿਅਕਤੀ ਦੇ ਹੇਠ ਰਹਿ ਕੇ ਕੰਮ ਨਹੀਂ ਕਰ ਸਕਦਾ। ਇਸ ਮੌਕੇ ਉੱਨ੍ਹਾਂ ਦੇ ਇਲਾਕੇ ਦੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨੇ ਵੀ ਢਿੱਲੋਂ ਵਿਰੁੱਧ ਡਟ ਕੇ ਭੜਾਸ ਕੱਢੀ।