ਪੰਜਾਬੀ ਨੌਜਵਾਨ ਦਿੱਲੀ ਏਅਰਪੋਰਟ ਤੋਂ ਹੋਇਆ ਲਾਪਤਾ

0
42

ਅੱਜ ਦੇ ਸਮੇਂ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਵਸਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ। ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਦੇ ਵਾਪਿਸ ਆਉਣ ਦੀ ਉਡੀਕ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਹੀ ਰਹਿੰਦੀ ਹੈ ਪਰ ਜੇਕਰ ਕਿਸੇ ਦਾ ਮੁੰਡਾ ਦੇਸ਼ ਵਿੱਚ ਵਾਪਿਸ ਆ ਕੇ ਪਰਿਵਾਰ ਕੋਲ ਨਾ ਪਹੁੰਚੇ ਤਾਂ ਉਸ ਪਰਿਵਾਰ ਲਈ ਇਸ ਤੋਂ ਵੱਧ ਦੁੱਖ ਵਾਲੀ ਗੱਲ ਕਿਹੜੀ ਹੋਵੇਗੀ। ਹੁਣ ਅਜਿਹਾ ਹੀ ਇੱਕ ਮਾਮਲਾ ਮੰਢਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦਾ ਇੱਕ ਨੌਜਵਾਨ ਬਹਿਰੀਨ ਤੋਂ ਵਾਪਸ ਤਾਂ ਆ ਗਿਆ ਪਰ ਆਪਣੇ ਘਰ ਨਹੀਂ ਪਹੁੰਚਿਆ।

ਜਾਣਕਾਰੀ ਅਨੁਸਾਰ ਬਹਿਰੀਨ ਤੋਂ ਆ ਰਿਹਾ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ ਹੋ ਗਿਆ ਹੈ। ਪਰਿਵਾਰਿਕ ਮੈਂਬਰ ਪੁਲਿਸ ਤੋਂ ਮਦਦ ਦੀ ਮੰਗ ਕਰ ਰਹੇ ਹਨ। ਥਾਣਾ ਬਹਿਰਾਮ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ ਗਈ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮੰਢਾਲੀ ਦਾ ਨੌਜਵਾਨ ਸੰਦੀਪ ਚੰਦ ਪੁੱਤਰ ਹੰਸਰਾਜ 19 ਅਕਤੂਬਰ ਨੂੰ ਬਹਿਰੀਨ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਰਵਾਨਾ ਹੋਇਆ ਸੀ।ਪਰ ਸੰਦੀਪ ਅੰਮ੍ਰਿਤਸਰ ਏਅਰਪੋਰਟ ਨਹੀਂ ਪਹੁੰਚਿਆ। ਇਸ ਸਬੰਧੀ ਸੰਦੀਪ ਚੰਦ ਦੀ ਪਤਨੀ ਬਲਜੀਤ ਕੌਰ ਦੇ ਕਿਹਾ ਮੈਂ ਤੇ ਮੇਰੇ ਪਰਿਵਾਰ ਵਾਲੇ ਸੰਦੀਪ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੈਣ ਗਏ ਤਾ ਸੰਦੀਪ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ। ਇਸ ਸਬੰਧੀ ਜਦੋਂ ਅੰਮ੍ਰਿਤਸਰ ਏਅਰਪੋਰਟ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੀ ਲਿਸਟ ਵਿੱਚ ਸੰਦੀਪ ਨਾਮ ਦਾ ਕੋਈ ਯਾਤਰੀ ਨਹੀਂ ਹੈ।

ਤੁਸੀਂ ਇਸ ਸਬੰਧੀ ਦਿੱਲੀ ਏਅਰਪੋਰਟ ‘ਤੇ ਗੱਲ ਕਰੋ।ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਜਦੋਂ ਦਿੱਲੀ ਏਅਰਪੋਰਟ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ 20 ਅਕਤੂਬਰ ਸਵੇਰੇ 4 ਵਜੇ ਦੇ ਕਰੀਬ ਸੰਦੀਪ ਚੰਦ ਏਅਰਪੋਰਟ ਤੋਂ ਇਮੀਗ੍ਰੇਸ਼ਨ ਕਰਾ ਕੇ ਜਾ ਚੁੱਕਿਆ ਹੈ। ਉਸ ਦਾ ਸਾਮਾਨ ਵੀ ਦਿੱਲੀ ਏਅਰਪੋਰਟ ‘ਤੇ ਹੀ ਪਿਆ ਹੈ। ਦਿੱਲੀ ਏਅਰਪੋਰਟ ਅਧਿਕਾਰੀਆਂ ਨੇ ਸੰਦੀਪ ਦੀ ਬਾਹਰ ਜਾਂਦੇ ਦੀ ਸੀਸੀਟੀਵੀ ਵੀਡੀਓ ਫੂਟੇਜ਼ ਵੀ ਦਿਖਾਈ। ਸੰਦੀਪ ਉਸ ਤੋਂ ਬਾਦ ਕਿੱਥੇ ਗਾਇਬ ਹੋ ਗਿਆ।ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗ ਰਿਹਾ। ਸੰਦੀਪ ਦੇ ਇਸ ਤਰਾਂ ਲਾਪਤਾ ਹੋਣ ਨਾਲ ਸਾਰਾ ਪਰਿਵਾਰ ਸਦਮੇ ਵਿੱਚ ਹੈ। ਥਾਣਾ ਬਹਿਰਾਮ ਵਿਖੇ ਗੁੰਮਸ਼ੁਦਗੀ ਦੀ ਕਾਰਵਾਈ ਰਿਪੋਰਟ ਦਰਜ਼ ਕਰਵਾਈ ਗਈ ਹੈ।ਪਰਿਵਾਰ ਦਾ ਕਹਿਣਾ ਹੈ ਕਿ ਉਹ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਸੰਦੀਪ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ।