28 ਸੀਨੀਅਰ ਲੈਕਚਰਾਰਾਂ ਨੁੂੰ ਸਰਕਾਰੀ ਸੀਨੀਅਰ ਸਿਖਲਾਈ ਕੇਂਦਰਾਂ ਵਿੱਚ ਖਾਲੀ ਪੋਸਟਾਂ ‘ਤੇ ਤੈਨਾਤ ਕਰਨ ਦਾ ਫੈਸਲਾ

ਚੰਡੀਗੜ੍ਹ  : ਸਿੱਖਿਆ ਵਿਭਾਗ ਵੱਲੋਂ ਵਾਧੂ ਪੋਸਟਾਂ ‘ਤੇ ਬੈਠੇ ਅਧਿਕਾਰੀਆਂ ਨੁੂੰ ਲੋੜੀਂਦੀਆਂ ਖਾਲੀ ਪਈਆਂ ਪੋਸਟਾਂ ‘ਤੇ ਤੈਨਾਤ ਕਰਨ ਦੀ ਮੁਹਿੰਮ ਤਹਿਤ 11 ਸਰਕਾਰੀ ਇਨ ਸਰਵਿਸ ਸਿਖਲਾਈ ਕੇਂਦਰਾਂ ਦੇ 28 ਸੀਨੀਅਰ ਲੈਕਚਰਾਰਾਂ ਨੁੂੰ ਸਰਕਾਰੀ ਸੀਨੀਅਰ ਸਿਖਲਾਈ ਕੇਂਦਰਾਂ ਵਿੱਚ ਖਾਲੀ ਪੋਸਟਾਂ ‘ਤੇ ਤੈਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੀ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਇਨ ਸਰਵਿਸ ਸਿਖਲਾਈ ਕੇਂਦਰਾਂ ਵਿੱਚ ਸੀਨੀਅਰ ਲੈਕਚਰਾਰ ਵਜੋਂ ਕੰਮ ਕਰ ਰਹੇ ਪੀ. ਈ. ਐਸ. ਅਧਿਕਾਰੀਆਂ ਕੋਲ ਇਸ ਵੇਲੇ ਕੋਈ ਵੀ ਕੰਮ ਨਹੀਂ ਹੈ ਕਿਉਂਕਿ ਸਿਖਲਾਈ ਦਾ ਕੰਮ ਡਾਇਟਾਂ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਪਏ ਹਨ। ਉਨ੍ਹਾਂ ਅਗਾਂਹ ਕਿਹਾ ਕਿ 28 ਸੀਨੀਅਰ ਲੈਕਚਰਾਰਾਂ ਨੂੰ ਖਾਲੀ ਸਕੂਲਾਂ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਵੇਰਵੇ ਦਿੰਦੇ ਦੱਸਿਆ ਕਿ ਅੰਮ੍ਰਿਤਸਰ ਵਿੱਚ 4, ਬਠਿੰਡਾ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ 3-3 ਅਤੇ ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਰੋਪੜ ਤੇ ਸੰਗਰੂਰ ਵਿੱਚ 2-2 ਸੀਨੀਅਰ ਲੈਕਚਰਾਰਾਂ ਨੁੰ ਸਕੂਲਾਂ ਵਿੱਚ ਬਤੌਰ ਪ੍ਰਿੰਸੀਪਲ ਤੈਨਾਤ ਕੀਤਾ ਜਾਵੇਗਾ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਨ੍ਹਾਂ 28 ਸੀਨੀਅਰ ਲੈਕਚਰਾਰਾਂ ਨੁੂੰ ਖਾਲੀ ਪੋਸਟਾਂ ਅਧੀਨ ਇਨ੍ਹਾਂ ਦੀ ਇੱਛਾ ਅਨੁਸਾਰ ਲਗਾਇਆ ਜਾਵੇਗਾ ਤਾਂ ਜੋ ਸਕੂਲਾਂ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਚੱਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਵਿਦਿਆਰਥੀਆਂ ਨੁੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਉੱਥੇ ਮੌਜੂਦਾ ਸਟਾਫ ਦੀ ਸੁਚੱਜੀ ਵਰਤੋਂ ਕਰਦਿਆਂ ਵਾਧੂ ਪੋਸਟਾਂ ‘ਤੇ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋੜੀਂਦੀਆਂ ਖਾਲੀ ਪੋਸਟਾਂ ‘ਤੇ ਲਾਉਣ ਲਈ ਵੀ ਵਚਨਬੱਧ ਹੈ।

Be the first to comment

Leave a Reply