3 ਤਲਾਕ ‘ਤੇ ਸੁਣਵਾਈ ਮੁਕੰਮਲ

ਨਵੀਂ ਦਿੱਲੀ: ਤਿੰਨ ਤਲਾਕ ਦੇ ਮੁੱਦੇ ‘ਤੇ 6 ਦਿਨ ਚੱਲੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਗਲੀ ਸੁਣਵਾਈ ਲਈ ਅਦਾਲਤ ਨੇ ਕੋਈ ਤਾਰੀਖ ਨਹੀਂ ਦੱਸੀ। ਬੀਤੇ ਦਿਨ ਸੁਪਰੀਮ ਕੋਰਟ ਨੇ ਅਦਾਲਤ ਵਿੱਚ ਪੁੱਛਿਆ ਸੀ ਕਿ ਕੇਂਦਰ ਨੇ ਮੁਸਲਮਾਨਾਂ ਲਈ ਨਿਕਾਹ ਤੇ ਤਲਾਕ ਦਾ ਕੋਈ ਕਾਨੂੰਨ ਕਿਉਂ ਨਹੀਂ ਬਣਾਇਆ ?

ਬੁੱਧਵਾਰ ਦੀ ਸੁਣਵਾਈ ਤੱਕ ਤਿੰਨ ਤਲਾਕ ਦੇ ਸਮਰਥਕਾਂ ਤੇ ਵਿਰੋਧੀਆਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਸਨ। ਆਲ ਇੰਡੀਆ ਮੁਸਲਿਮ ਪਰਸਨਲ ਨਾ ਬੋਰਡ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ 3 ਤਲਾਕ ਮੁੱਦੇ ਨੂੰ ਘੱਟ ਗਿਣਤੀਆਂ ਬਨਾਮ ਬਹੁਮਤ ਦਾ ਰੂਪ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਸਖਤੀ ਨਾਲ ਪੁੱਛਿਆ ਕਿ ”ਤੁਸੀਂ (ਕੇਂਦਰ) ਕਹਿੰਦੇ ਹੋ ਕਿ ਜੇ ਅਦਾਲਤ 3 ਤਲਾਕ ਨੂੰ ਗਲਤ ਕਰਾਰ ਦੇ ਦੇਵੇ ਤਾਂ ਤੁਸੀਂ ਕਾਨੂੰਨ ਬਣਾਉਗੇ, ਪਰ ਸਰਕਾਰ ਨੇ ਪਿਛਲੇ 60 ਸਾਲਾਂ ਦੌਰਾਨ ਕੋਈ ਕਾਨੂੰਨ ਕਿਉਂ ਨਹੀਂ ਬਣਾਇਆ ?”

ਇਸ ‘ਤੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਜਵਾਬ ਦਿੱਤਾ ਕਿ ”ਸੈਕੁਲਰ ਕੋਰਟ ਦੀ ਖਾਸੀਅਤ ਇਹੀ ਹੈ ਕਿ ਜਦੋਂ ਅਜਿਹੇ ਮਸਲੇ ਉਨ੍ਹਾਂ ਦੇ ਸਾਹਮਣੇ ਆਉਣ ਤਾਂ ਕਾਨੂੰਨ ਦਾ ਇੰਤਜ਼ਾਰ ਕਰੇ ਬਿਨਾਂ ਸੁਧਾਰ ਕਰੇ। ਮੈਂ ਉਹ ਕਰੂੰਗਾ ਜੋ ਮੈਨੂੰ ਕਰਨਾ ਚਾਹੀਦਾ ਹੈ, ਪਰ ਸਵਾਲ ਇਹ ਹੈ ਕਿ ਤੁਸੀਂ (ਅਦਾਲਤ) ਕੀ ਕਰੋਗੇ ? ਮੈਂ ਨਿਰਦੇਸ਼ਾਂ ਦੇ ਹਿਸਾਬ ਨਾਲ ਬਿਆਨ ਦਿੱਤਾ ਹੈ। ਬਾਕੀ ਅਦਾਲਤ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ ਅਤੇ ਇਸਨੂੰ ਦੇਖਣਾ ਚਾਹੀਦਾ ਕਿ ਕਿਤੇ ਇਨਾਂ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਹੈ।”

Be the first to comment

Leave a Reply

Your email address will not be published.


*