31 ਜੁਲਾਈ ਤਕ ਸਾਰੇ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਜ਼ਰੂਰੀ

ਨਵੀਂ ਦਿੱਲੀ— ਜੇਕਰ ਤੁਸੀਂ ਰਿਟਰਨ ਭਰਦੇ ਹੋ ਅਤੇ ਇਕ ਤੋਂ ਜ਼ਿਆਦਾ ਬੈਂਕ ਖਾਤੇ ਵਰਤ ਰਹੇ ਹੋ ਤਾਂ ਤੁਹਾਡੇ ਲਈ ਬੈਂਕ ਖਾਤਿਆਂ ਨੂੰ ਲੈ ਕੇ ਸਰਕਾਰ ਦੇ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ। ਹੁਣ ਤੁਹਾਨੂੰ ਸਰਕਾਰ ਨੂੰ ਆਪਣੇ ਸਾਰੇ ਸਰਗਰਮ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਹੋਵੇਗਾ। ਕੇਂਦਰ ਸਰਕਾਰ ਵਿੱਤੀ ਸਾਲ 2016-17 ਦੇ ਇਨਕਮ ਟੈਕਸ ਰਿਟਰਨ ਭਰਨ ਦੇ ਨਿਯਮ ‘ਚ ਬਦਲਾਅ ਕੀਤਾ ਹੈ। ਹੁਣ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ‘ਚ ਸਾਰੇ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਜ਼ਰੂਰੀ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੇ ਖਿਲਾਫ ਕਾਰਵਾਈ ਕਰ ਸਕਦਾ ਹੈ। ਤੁਹਾਨੂੰ 31 ਜੁਲਾਈ ਤਕ ਇਨਕਮ ਟਕੈਸ ਰਿਟਰਨ ਭਰਦੇ ਸਮੇਂ ਸਾਰੇ ਬੈਂਕ ਖਾਤਿਆਂ ਬਾਰੇ ਦੱਸਣਾ ਹੋਵੇਗਾ।
ਉੱਥੇ ਹੀ, ਐੱਨ. ਆਰ. ਆਈਜ਼. ਲਈ ਵੀ ਰਿਟਰਨ ‘ਚ ਬਾਹਰਲੇ ਮੁਲਕਾਂ ‘ਚ ਖੋਲ੍ਹੇ ਗਏ ਖਾਤਿਆਂ ਦੀ ਜਾਣਕਾਰੀ ਦੇਣਾ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਭਾਰਤੀ ਦਾ ਵਿਦੇਸ਼ ‘ਚ ਖਾਤਾ ਹੈ, ਉਸ ਨੂੰ ਵੀ ਇਸ ਬਾਰੇ ਰਿਟਰਨ ਭਰਦੇ ਸਮੇਂ ਦੱਸਣਾ ਹੋਵੇਗਾ। ਇਕ ਟੈਕਸ ਮਾਹਰ ਨੇ ਦੱਸਿਆ ਕਿ ਇਨਕਮ ਟੈਕਸ ਰਿਟਰਨ ‘ਚ ਸਾਰੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਜੇਕਰ ਕੋਈ ਅਜਿਹਾ ਨਹੀਂ ਕਰਦਾ ਹੈ ਤਾਂ ਵਿਭਾਗ ਉਸ ਖਿਲਾਫ ਗਲਤ ਜਾਣਕਾਰੀ ਦੇਣ ਤਹਿਤ ਕਾਰਵਾਈ ਕਰ ਸਕਦਾ ਹੈ। ਇਨਕਮ ਟੈਕਸ ਐਕਟ ਤਹਿਤ ਗਲਤ ਜਾਣਕਾਰੀ ਦੇਣ ਦੇ ਮਾਮਲੇ ‘ਚ ਜੁਰਮਾਨੇ ਦਾ ਪ੍ਰਬੰਧ ਹੈ।
ਰਿਟਰਨ ਭਰਨ ਦੀ ਹਫੜਾ-ਦਫੜੀ ‘ਚ ਕਿਤੇ ਤੁਸੀਂ ਧੋਖੇ ਦੇ ਚੱਕਰ ‘ਚ ਨਾ ਫਸ ਜਾਓ। ਦਰਅਸਲ, ਕਈ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਨਾਲ ਜੁੜਿਆ ਈ-ਮੇਲ ਮਿਲ ਰਿਹਾ ਹੈ ਅਤੇ ਉਹ ਬਿਨਾਂ ਸੋਚੇ ਸਮਝੇ ਉਸ ਨੂੰ ਖੋਲ੍ਹ ਰਹੇ ਹਨ। ਅਜਿਹਾ ਕਰ ਕੇ ਤੁਸੀਂ ਹੈਕਰ ਦੇ ਸ਼ਿਕਾਰ ਬਣ ਸਕਦੇ ਹੋ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਧਿਆਨ ਰੱਖੋ ਕਿ ਜਦੋਂ ਵੀ ਇਨਕਮ ਟੈਕਸ ਵਿਭਾਗ ਜਾਂ ਆਰ. ਬੀ. ਆਈ. ਦੀ ਈ-ਮੇਲ ਤੋਂ ਆਵੇਗਾ ਤਾਂ ਉਹ ਹਮੇਸ਼ਾ ਅਧਿਕਾਰਤ ਆਈ. ਡੀ. ਤੋਂ ਹੀ ਆਵੇਗਾ।

Be the first to comment

Leave a Reply