342 ਸਾਲ ਬਾਅਦ ਵੀ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ

ਜਲੰਧਰ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੁਸਤਾਨ ਦੇ ਧਰਮ ਨਿਰਪੱਖ ਸਰੂਪ ਨੂੰ ਬਚਾਉਣ ਵਾਸਤੇ ਦਿੱਤੀ ਗਈ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਕਸ਼ਮੀਰੀ ਪੰਡਿਤ ਹੁਣ ਆਪਣੇ ਆਪ ਨੂੰ ਸ੍ਰੀ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਨ ਕਰਨਗੇ। ਇਸ ਗੱਲ ਦਾ ਐਲਾਨ ਅੱਜ ਕਸ਼ਮੀਰੀ ਪੰਡਿਤਾਂ ਦੀ ਆਗੂ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ ਦੀ ਮੁਖ ਆਗੂ ਪ੍ਰੀਤੀ ਸਪਰੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਮੌਜੂਦਗੀ ‘ਚ ਕੀਤਾ । ਇਸ ਦੌਰਾਨ ਕਸ਼ਮੀਰੀ ਪੰਡਿਤਾਂ ਦੇ ਆਗੂਆਂ ਨੇ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਯਾਤਰਾ ਆਰੰਭ ਹੋ ਕੇ 7 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜਣ ਵਾਲੀ ਯਾਤਰਾ ਦੇ ਮਨੋਰਥ ਅਤੇ ਰੂਟ ਦੀ ਜਾਣਕਾਰੀ ਦਿੱਤੀ।ਜੀ. ਕੇ. ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦੇ ਕੇ ਹਿੰਦੁਸਤਾਨ ‘ਚ ਧਰਮਾਂ ਦੀ ਹੋਂਦ ਨੂੰ ਬਚਾਇਆ ਸੀ। ਜੇਕਰ ਇਹ ਜ਼ੁਲਮ ਮੁਗਲਾਂ ਦੀ ਥਾਂ ਕੋਈ ਹੋਰ ਵੀ ਕਰ ਰਿਹਾ ਹੁੰਦਾ ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹਟਣਾ ਸੀ । 342 ਸਾਲ ਬਾਅਦ ਵੀ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਜੀ. ਕੇ. ਨੇ ਇਸ ਮਸਲੇ ‘ਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਪ੍ਰੀਤੀ ਸਪਰੂ ਦੇ ਨਾਲ ਹੀ ਕਰਨਲ ਤੇਜ ਟਿੱਕੂ ਅਤੇ ਜਨਰਲ ਐੱਚ. ਕੇ. ਰਾਜਦਾਨ ਨੇ ਕਿਹਾ ਕਿ 1675 ‘ਚ ਜਿਵੇਂ ਕਸ਼ਮੀਰੀ ਪੰਡਿਤਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਦਾ ਸਾਹਮਣਾ ਔਰੰਗਜ਼ੇਬ ਦੇ ਰਾਜ ‘ਚ ਕਰਨਾ ਪੈ ਰਿਹਾ ਸੀ, ਅੱਜ ਵੀ ਹਾਲਾਤ ਅਜਿਹੇ ਹੀ ਹਨ। ਸਾਨੂੰ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਸੁਰੱਖਿਅਤ ਮਾਹੌਲ ਉਪਲੱਬਧ ਕਰਾਉਣ ‘ਚ ਸਰਕਾਰਾਂ ਕਾਮਯਾਬ ਨਹੀਂ ਹੋ ਰਹੀਆਂ। ਇਸ ਕਰਕੇ 342 ਸਾਲ ਬਾਅਦ ਫਿਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ‘ਚ ਆਪਣੇ ਘਰਾਂ ਨੂੰ ਵਾਪਸ ਪਰਤਣ ਦੀ ਅਰਦਾਸ ਕਰਨ ਲਈ ਅਸੀਂ ਜਾ ਰਹੇ ਹਾਂ। ਆਗੂਆਂ ਨੇ ਲੱਗਭਗ 1 ਹਜ਼ਾਰ ਕਸ਼ਮੀਰੀ ਪੰਡਿਤਾਂ ਦੇ ਇਸ ਯਾਤਰਾ ‘ਚ ਭਾਗ ਲੈਣ ਦੀ ਉਮੀਦ ਜਤਾਈ।
ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਦੀ ਪੂਰੀ ਕੋਸ਼ਿਸ਼ ਹੈ ਕਿ ਕਸ਼ਮੀਰੀ ਪੰਡਿਤ ਆਪਣੇ ਮੂਲ ਨਿਵਾਸ ਨਾਲ ਉਸੇ ਤਰੀਕੇ ਨਾਲ ਜੁੜੇ ਰਹਿਣ ਜਿਵੇਂ ਗੁਰੂ ਸਾਹਿਬ ਨੇ ਜੋੜਿਆ ਸੀ । ਰਾਮ-ਰਾਵਣ ਅਤੇ ਕੌਰਵ-ਪਾਂਡਵਾਂ ਦੀ ਲੜਾਈ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਇਹ ਯੁੱਧ ਇੱਕੋ ਹੀ ਧਰਮ ਦੇ ਆਗੂਆਂ ਵਿਚਕਾਰ ਸੀ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮ ਦੇ ਤਿਲਕ ਅਤੇ ਜਨੇਊ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਸੀ, ਜਦਕਿ ਇਸ ਜਨੇਊ ਦਾ ਖੁਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਸੀ । ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਯੁੱਧ ਦਾ ਪ੍ਰਤੀਕ ਹੈ।

Be the first to comment

Leave a Reply