350 ਰੁਪਏ ਦਾ ਸਿੱਕਾ ਜਾਰੀ ਕਰੇਗਾ RBI, ਗੁਰੂ ਗੋਬਿੰਦ ਸਿੰਘ ਜੀ ਨੂੰ ਹੋਵੇਗਾ ਸਮਰਪਿਤ

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ। ਇਹ ਸਿੱਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ, ਜਿਸ ‘ਤੇ ਸਾਲ 1666 ਅਤੇ ਸਾਲ 2016 ਲਿਖਿਆ ਹੋਵੇਗਾ। ਖਬਰਾਂ ਮੁਤਾਬਕ ਕੇਂਦਰੀ ਬੈਂਕ ਇਹ ਸਿੱਕਾ ਜਲਦ ਜਾਰੀ ਕਰ ਸਕਦਾ ਹੈ। ਇਹ ਸਿੱਕਾ 44 ਮਿਲੀਮੀਟਰ ਦਾ ਹੋਵੇਗਾ, ਜੋ ਕਿ ਚਾਂਦੀ, ਤਾਂਬਾ, ਨਿਕੇਲ ਅਤੇ ਜਿੰਕ ਦਾ ਬਣਿਆ ਹੋਵੇਗਾ।

ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ‘ਚ ਅਸ਼ੋਕ ਪਿਲਰ ਹੋਵੇਗਾ ਅਤੇ ਇਸ ਦੇ ਹੇਠਾਂ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਉੱਥੇ ਹੀ ਸਿੱਕੇ ਦੇ ਦੋਵੇਂ ਪਾਸੇ ਅੰਗਰੇਜ਼ੀ ‘ਚ ਇੰਡੀਆ ਅਤੇ ਦੇਵਨਾਗਰੀ ਲਿਪੀ ‘ਚ ਭਾਰਤ ਲਿਖਿਆ ਹੋਵੇਗਾ। ਇਸੇ ਹਿੱਸੇ ‘ਤੇ ਰੁਪਏ ਦਾ ਨਿਸ਼ਾਨ ਅਤੇ ਵਿਚਕਾਰ 350 ਲਿਖਿਆ ਹੋਵੇਗਾ। ਸਿੱਕੇ ਦੇ ਪਿਛਲੇ ਹਿੱਸੇ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ, ਪਟਨਾ ਸਾਹਿਬ ਦੀ ਤਸਵੀਰ ਹੋਵੇਗੀ। ਇਸ ਤਸਵੀਰ ਦੇ ਉਪਰ ਅਤੇ ਹੇਠਾਂ ਦੇ ਹਿੱਸੇ ‘ਚ ਅੰਗਰੇਜ਼ੀ ਅਤੇ ਦੇਵਨਾਗਰੀ ‘ਚ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ’ ਲਿਖਿਆ ਹੋਵੇਗਾ। ਸਿੱਕੇ ਦੇ ਖੱਬੇ ਅਤੇ ਸੱਜੇ ਪਾਸੇ ਸਾਲ 1666 ਅਤੇ 2016 ਲਿਖਿਆ ਹੋਵੇਗਾ। ਆਰ. ਬੀ. ਆਈ. ਦੇ ਨੋਟੀਫਿਕੇਸ਼ਨ ਮੁਤਾਬਕ ਸਿੱਕੇ ਦਾ ਵਜ਼ਨ 34.65 ਤੋਂ ਲੈ ਕੇ 35.35 ਗ੍ਰਾਮ ਵਿਚਕਾਰ ਹੋਵੇਗਾ। ਹਾਲਾਂਕਿ ਆਰ. ਬੀ. ਆਈ. ਨੇ ਇਹ ਨਹੀਂ ਦੱਸਿਆ ਕਿ ਬਾਜ਼ਾਰ ‘ਚ ਕਿੰਨੇ ਸਿੱਕੇ ਜਾਰੀ ਹੋਣਗੇ।