50 ਸਾਲ ਤੱਕ ਦੀਆਂ ਸਰਕਾਰੀ ਅਧਿਆਪਕਾਵਾਂ ਹੁਣ ਸਿੱਖਣਗੀਆਂ ਕਰਾਟੇ

ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ‘ਚ 50 ਸਾਲ ਉਮਰ ਤੱਕ ਦੀਆਂ 1155 ਸਰੀਰਕ ਸਿੱਖਿਆ ਅਧਿਆਪਕਾਵਾਂ ਨੂੰ ਕਰਾਟੇ ਸਿਖਾਉਣ ਦਾ ਫ਼ੈਸਲਾ ਲਿਆ ਹੈ | ਇਨ੍ਹਾਂ ਅਧਿਆਪਕਾਵਾਂ ਨੂੰ ਇਸ ਨਵੇਂ ਸ਼ੁਰੂ ਹੋਏ ਵਿੱਦਿਅਕ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਕਰਾਟੇ ਸਿਖਾਏ ਜਾਣਗੇ | ਇਨ੍ਹਾਂ ਅਧਿਆਪਕਾਂ ਨੂੰ ਵੱਖ-ਵੱਖ ਬੈਚਾਂ ਦੇ ਰੂਪ ‘ਚ 10-10 ਦਿਨ ਇੱਥੋਂ ਦੇ ਸੈਕਟਰ-32 ਸਥਿਤ ਖੇਤਰੀ ਇੰਸਟੀਚਿਊਟ ਵਿਖੇ ਕਰਾਟਿਆਂ ਦੀ ਸਿਖਲਾਈ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਹ ਅਧਿਆਪਕਾਵਾਂ, ਸਕੂਲਾਂ ‘ਚ ਜਾ ਕੇ 6ਵੀਂ ਤੋਂ 12ਵੀਂ ਤੱਕ ਦੀਆਂ ਲੜਕੀਆਂ ਨੂੰ ਕਰਾਟੇ ਸਿਖਾਉਣਗੀਆਂ | ਵਿਭਾਗ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਸਕੂਲੀ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਆਤਮ ਸੁਰੱਖਿਆ ਲਈ ਕਰਾਟੇ-ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ ਜਾਂਦੀ ਹੈ | ਪਹਿਲਾਂ ਇਸ ਸਿਖਲਾਈ ਲਈ ਸਰਕਾਰ ਵਲੋਂ ਕਈ ਥਾਂਈਾ ਪ੍ਰਾਈਵੇਟ ਕਰਾਟੇ ਮਾਹਰਾਂ ਨੂੰ ਸੇਵਾਂਵਾਂ ਲਈਆਂ ਜਾ ਰਹੀਆਂ ਸਨ ਅਤੇ 9ਵੀਂ ਤੋਂ 10ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਸਿਖਾਏ ਜਾਂਦੇ ਸਨ, ਪ੍ਰੰਤੂ ਹੁਣ 6ਵੀਂ ਤੋਂ 12ਵੀਂ ਤੱਕ ਦੀਆਂ ਲੜਕੀਆਂ ਨੂੰ ਕਰਾਟੇ ਸਿਖਾਏ ਜਾਣਗੇ | ਹੁਕਮਾਂ ‘ਚ ਦੱਸਿਆ ਗਿਆ ਹੈ ਕਿ 9 ਅਪ੍ਰੈਲ ਤੋਂ 18 ਅਪ੍ਰੈਲ ਤੱਕ ਅੰਮਿ੍ਤਸਰ, ਤਰਨਤਾਰਨ ਅਤੇ ਮੁਹਾਲੀ ਦੇ ਸਰਕਾਰੀ ਸਕੂਲਾਂ ਦੀਆਂ 189 ਸਰੀਰਕ ਸਿੱਖਿਆ ਅਧਿਆਪਕਾਵਾਂ, 19 ਅਪ੍ਰੈਲ ਤੋਂ 28 ਅਪ੍ਰੈਲ ਤੱਕ ਬਠਿੰਡਾ, ਮਾਨਸਾ ਤੇ ਸੰਗਰੂਰ ਦੇ ਸਕੂਲਾਂ ਦੀਆਂ 184 ਅਧਿਆਪਕਾਂ, 30 ਅਪ੍ਰੈਲ ਤੋਂ 9 ਮਈ ਤੱਕ ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੀਆਂ 194 ਅਧਿਆਪਕਾਂ, 10 ਮਈ ਤੋਂ 19 ਮਈ ਤੱਕ ਹੁਸ਼ਿਆਰਪੁਰ, ਜਲੰਧਰ ਤੇ ਮੋਗੇ ਦੇ ਸਕੂਲਾਂ ਦੀਆਂ 187 ਅਧਿਆਪਕਾਂ, 2 ਜੁਲਾਈ ਤੋਂ 11 ਜੁਲਾਈ ਤੱਕ ਪਠਾਨਕੋਟ, ਗੁਰਦਾਸਪੁਰ ਅਤੇ ਪਟਿਆਲੇ ਦੀਆਂ 197 ਅਧਿਆਪਕਾਵਾਂ, 16 ਜੁਲਾਈ ਤੋਂ 25 ਜੁਲਾਈ ਤੱਕ ਰੂਪਨਗਰ, ਕਪੂਰਥਲਾ, ਫਿਰੋਜ਼ਪੁਰ ਅਤੇ ਲੁਧਿਆਣੇ ਦੀਆਂ 204 ਅਧਿਆਪਕਾਵਾਂ ਨੂੰ ਇਹ ਸਿਖਲਾਈ ਦਿੱਤੀ ਜਾਵੇਗੀ |