9 ਅਕਤੂਬਰ ਤੋਂ ਮੋਤੀ ਮਹਿਲ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ

ਲੁਧਿਆਣਾ  : ਕਾਂਗਰਸ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਵਾਰ ਵਾਰ ਲਗਾਏ ਜਾ ਰਹੇ ਲਾਰਿਆ ਤੋਂ ਅੱਕੇ ਮੁਲਾਜ਼ਮਾਂ ਵੱਲੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਮੁੱਖ ਮੰਤਰੀ ਦੇ ਨਿਵਾਸ ਮੋਤੀ ਮਹਿਲ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਸੂਬਾ ਪ੍ਰਧਾਨ ਇਮਰਾਨ ਭੱਟੀ ਦੀ ਪ੍ਰਧਾਨਗੀ ਹੇਠ ਇਸੜੂ ਭਵਨ ਲੁਧਿਆਣਾ ਵਿਖੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਵਿਚ ਵੱਖ ਵੱਖ ਠੇਕਾ ਮੁਲਾਜ਼ਮ ਜਥੇਬੰਦੀਆ ਦੇ ਆਗੂਆ ਨੇ ਭਾਗ ਲਿਆ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸੂਬਾ ਸਕੱਤਰ ਜਨਰਲ ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ, ਰਾਕੇਸ਼ ਕੁਮਾਰ, ਜੋਤ ਰਾਮ, ਰਜਿੰਦਰ ਸਿੰਘ, ਬਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾਂ ਨੂੰ ਲਾਰਿਆ ਵਿਚ ਉਲਝਾ ਰਹੀ ਹੈ ਅਤੇ ਨਾ ਹੀ ਐਕਟ ਲਾਗੂ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਵਾਰ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਦਾ ਝੂਠਾ ਲਾਰਾ ਲਗਾਇਆ ਜਾ ਰਿਹਾ ਹੈ।ਅੱਜ ਦੀ ਮੀਟਿੰਗ ਵਿਚ ਵੱਖ ਵੱਖ ਜਥੇਬੰਦੀਆ ਤੋਂ ਆਏ ਪ੍ਰਧਾਨ/ਸਕੱਤਰਾਂ ਨਾਲ ਵਿਚਾਰ ਕਰਨ ਤੇ ਸਾਰਿਆ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਵਿਰੁੱਧ ਹੁਣ ਵੱਡਾ ਸਘੰਰਸ਼ ਵਿੱਢਿਆ ਜਾਵੇਗਾ। ਆਗੂਆ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿਚ ਐਕਟ ਪਾਸ ਕੀਤਾ ਜਾ ਚੁਕਾ ਹੈ ਪਰ ਸਰਕਾਰ ਐਕਟ ਲਾਗੂ ਕਰਨ ਵਿਚ ਟਾਲ ਮਟੋਲ ਕਰ ਰਹੀ ਹੈ।ਇਸ ਤੋਂ ਇਲਾਵਾ ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਐਕਟ ਵਿਚ ਸੋਧ ਕਰਨ ਦੀਆ ਗੱਲਾਂ ਆ ਰਹੀਆ ਹਨ ਜੋ ਕਿ ਬਰਦਾਸ਼ਤ ਨਹੀ ਕੀਤੀ ਜਾਵੇਗੀ।

Be the first to comment

Leave a Reply