NIA ਨੇ ਤਿੰਨ ਪਾਕਿਸਤਾਨੀ ਡਿਪਲੋਮੈਟਾਂ ਨੂੰ ‘ਵਾਟੇਂਡ’ ਐਲਾਨਿਆ

ਅਜਿਹਾ ਪਹਿਲੀ ਵਾਰੀ ਹੋਇਆ ਹੈ ਜਦੋਂ ਕੋਈ ਪਾਕਿਸਤਾਨੀ ਡਿਪਲੋਮੈਟ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਵਾਟੇਂਡ ਲਿਸਟ ਵਿਚ ਸ਼ਾਮਲ ਹੋਇਆ ਹੈ। ਹੁਣ ਐੱਨ. ਆਈ. ਏ. ਨੇ ਪਾਕਿਸਤਾਨ ਦੇ ਇਕ-ਦੋ ਨਹੀਂ ਬਲਕਿ ਤਿੰਨ ਡਿਪਲੋਮੈਟਾਂ ਨੂੰ ਵਾਟੇਂਡ ਐਲਾਨਿਆ ਹੈ। ਇੰਨਾ ਹੀ ਨਹੀਂ ਜਾਂਚ ਏਜੰਸੀ ਨੇ ਬਕਾਇਦਾ ਤਸਵੀਰ ਜਾਰੀ ਕਰਕੇ ਉਸ ਸੰਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਡਿਪਲੋਮੈਟ ਦਾ ਨਾਂ ਅਮੀਰ ਜੁਬੈਰ ਸਿੱਦੀਕੀ ਹੈ। ਉਹ ਕੋਲੰਬੋ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨ ਵਿਚ ਵੀਜ਼ਾ ਕਾਊਂਸਲਰ ਦੇ ਅਹੁਦੇ ‘ਤੇ ਤੈਨਾਤ ਸੀ। ਉਸ ਨੇ ਸਾਲ 2014 ਵਿਚ ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲ ਕੇ ਅਮਰੀਕਾ, ਇਜ਼ਰਾਈਲ ਦੇ ਦੂਤਘਰਾਂ ਅਤੇ ਦੱਖਣੀ ਭਾਰਤ ਦੇ ਕਈ ਮਿਲਟਰੀ ਅਤੇ ਜਲ ਸੈਨਾ ਅੱਡਿਆਂ ‘ਤੇ 26/11 ਜਿਹੇ ਹਮਲਿਆਂ ਦੀ ਸਾਜਸ਼ ਰਚੀ ਸੀ। ਐੱਨ. ਆਈ. ਏ ਮੁਤਾਬਕ ਕੋਲੰਬੋ ਵਿਚ ਪਾਕਿ ਹਾਈ ਕਮਿਸ਼ਨ ਵਿਚ ਤੈਨਾਤ ਚੌਥਾ ਡਿਪਲੋਮੈਟ ਵੀ ਇਸ ਸਾਜਸ਼ ਵਿਚ ਸ਼ਾਮਲ ਸੀ। ਇਹ ਕਦਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਜਾਂਚ ਏਜੰਸੀ ਇਸ ਮਾਮਲੇ ਵਿਚ ਇੰਟਰਪੋਲ ਤੋਂ ਮਦਦ ਮੰਗਣ ਦੀ ਤਿਆਰੀ ਕਰ ਰਹੀ ਹੈ। ਉਹ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਵਿਰੁੱਧ ਰੈੱਡ ਕੌਰਨਰ ਚਾਹੁੰਦੀ ਹੈ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਇਸਲਾਮਾਬਾਦ ਬੁਲਾ ਲਿਆ ਗਿਆ ਹੈ।  ਐੱਨ. ਆਈ. ਏ. ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿਚ ਜਿੱਥੇ ਸਿੱਦੀਕੀ ਦਾ ਨਾਮ ਸ਼ਾਮਲ ਸੀ, ਉੱਥੇ ਤਿੰਨ ਅਧਿਕਾਰੀਆਂ ਦੀ ਪਛਾਣ ਨਹੀਂ ਹੋ ਪਾਈ ਸੀ। ਸਿੱਦੀਕੀ ਦੇ ਇਲਾਵਾ ਦੋਵੇਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੂੰ ਵਾਟੇਂਡ ਸੂਚੀ ਵਿਚ ਪਾਇਆ ਗਿਆ ਹੈ।
ਐੱਨ. ਆਈ. ਏ. ਨੇ ਬੀਤੀ ਫਰਵਰੀ ਵਿਚ ਹੀ ਆਮਿਰ ਜੁਬੈਦੀ ਸਿੱਦੀਕੀ ਵਿਰੁੱਧ ਚਾਰਜ ਸ਼ੀਟ ਦਾਖਲ ਕੀਤੀ ਹੈ ਜਦਕਿ ਤਿੰਨ ਹੋਰ ਅਧਿਕਾਰੀਆਂ ਦਾ ਨਾਂ ਹਾਲੇ ਜਾਰੀ ਨਹੀਂ ਕੀਤੇ ਗਏ ਹਨ। ਦੋ ਹੋਰ ਪਾਕਿਸਤਾਨੀ ਅਧਿਕਾਰੀਆਂ ਨੂੰ ਵੀ ‘ਵਾਟੇਂਡ ਲਿਸਟ’ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਦੋਹਾਂ ਦੇ ਕੋਡ ਨਾਮ ‘ਵੀਨੀਥ’ ਅਤੇ ‘ਬੌਸ ਉਰਫ ਸ਼ਾਹ’ ਇਸ ਵਿਚ ਸ਼ਾਮਲ ਕੀਤੇ ਗਏ ਹਨ। ਇਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਭਾਰਤ ਨੇ ਕਿਸੇ ਪਾਕਿਸਤਾਨੀ ਡਿਪਲੋਮੈਟ ਨੂੰ ਵਾਟੇਂਡ ਸੂਚੀ ਵਿਚ ਪਾਇਆ ਹੈ ਜਾਂ ਉਸ ਵਿਰੁੱਧ ਰੈੱਡ ਕੌਰਨਰ ਨੋਟਿਸ ਚਾਹੁੰਦਾ ਹੈ। ਐੱਨ. ਆਈ. ਏ. ਮੁਤਾਬਕ ਪਾਕਿਸਤਾਨੀ ਅਧਿਕਾਰੀ ਜੋ ਕਿ ਸਾਲ 2009 ਤੋਂ ਸਾਲ 2016 ਵਿਚਕਾਰ ਕੋਲੰਬੋ ਵਿਚ ਤੈਨਾਤ ਸਨ, ਉਨ੍ਹਾਂ ਨੇ ਚੇਨਈ ਅਤੇ ਦੱਖਣੀ ਭਾਰਤ ਦੀਆਂ ਦੂਜੀਆਂ ਥਾਵਾਂ ‘ਤੇ ਆਪਣੇ ਏਜੰਟਾਂ ਦੀ ਮਦਦ ਨਾਲ ਮਹੱਤਵਪੂਰਣ ਅਦਾਰਿਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਸਿੱਦੀਕੀ ਨੇ ਇਸ ਲਈ ਸ਼੍ਰੀਲੰਕਾ ਦੇ ਨਾਗਰਿਕ ਮੁਹੰਮਦ ਸਾਕਿਰ ਹੁਸੈਨ ਅਤੇ ਦੂਜੇ ਲੋਕਾਂ ਨੂੰ ਹਾਇਰ ਕੀਤਾ ਸੀ। ਇਨ੍ਹਾਂ ਲੋਕਾਂ ਵਿਚ ਅਰੂਣ ਸੇਲਵਾਰਾਜ, ਸਿਵਾਬਾਲਨ ਅਤੇ ਥਮੀਮ ਅੰਸਾਰੀ ਸਨ। ਇਨ੍ਹਾਂ ਸਾਰਿਆਂ ਨੂੰ ਏਜੰਸੀ ਨੇ ਗ੍ਰਿਫਤਾਰ ਕਰ ਲਿਆ ਸੀ। ਐੱਨ. ਆਈ. ਏ. ਦਾ ਦਾਅਵਾ ਹੈ ਕਿ ਇਨ੍ਹਾਂ ਨੂੰ ਹਾਇਰ ਕਰਨ ਮਗਰੋਂ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਤੋਂ ਰੱਖਿਆ ਅਦਾਰਿਆਂ, ਪਰਮਾਣੂ ਅਦਾਰਿਆਂ, ਫੌਜ ਦੀਆਂ ਹਰਕਤਾਂ ਅਤੇ ਕੁਝ ਥਾਵਾਂ ਦੀਆਂ ਤਸਵੀਰਾਂ ਖਿੱਚ ਕੇ ਦੇਣ ਲਈ ਕਿਹਾ ਸੀ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਫੌਜ ਦੇ ਸੀਨੀਅਰ ਅਧਿਕਾਰੀਆਂ ਦੇ ਲੈਪਟਾਪ ਚੋਰੀ ਕਰਨ ਅਤੇ ਨਕਲੀ ਭਾਰਤੀ ਨੋਟਾਂ ਦੀ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।