ਯੂਕੇ: ਸਰਦੀ ‘ਚ ਦੁਬਾਰਾ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਜਾਣ ਦੀ ਹੈ ਸੰਭਾਵਨਾ।

0
11
ਸਾਂਝੀ ਸੋਚ ਬਿਊਰੋ – ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਵਾਇਰਸ ਮਹਾਂਮਾਰੀ ਇਸ ਸਮੇਂ ਸਾਰੇ ਸੰਸਾਰ ਵਿੱਚ ਫੈਲੀ ਹੈ ਅਤੇ ਇਸ ਤੋਂ ਨਿਜ਼ਾਤ ਪਾਉਣ ਲਈ ਸਾਰੇ ਦੇਸ਼ ਸੰਭਵ ਯਤਨ ਕਰ ਰਹੇ ਹਨ। ਯੂਕੇ ਵੀ ਇਸਦੇ ਲਾਗ ਤੋਂ ਬਚ ਨਹੀ ਸਕਿਆ। ਇੰਨੇ ਯਤਨਾਂ ਅਤੇ ਲੰਮੇ ਸਮੇਂ ਤੋਂ ਬਾਅਦ ਜਦ ਯੂਕੇ ਇਸ ਮਹਾਂਮਾਰੀ ਤੋਂ ਉੱਭਰਣ ਦੇ ਕਿਨਾਰੇ ‘ਤੇ ਹੈ ਤਾਂ ਇੱਥੋਂ ਦੇ ਡਾਕਟਰਾਂ ਦੀ ਬਹੁਗਿਣਤੀ ਨੂੰ ਇਸ ਸਰਦੀਆਂ ਵਿੱਚ ਕੋਰੋਨਾਵਾਇਰਸ ਦੀ ਦੂਜ਼ੀ ਲਹਿਰ ਦੇ ਆਉਣ ਦੀ ਸੰਭਾਵਨਾ ਹੈ। 8000 ਡਾਕਟਰਾਂ ‘ਤੇ ਆਧਾਰਿਤ ਹੋਏ ਸਰਵੇਖਣ ਅਨੁਸਾਰ ਇੰਗਲੈਂਡ ਵਿੱਚ 86% ਡਾਕਟਰ ਅਤੇ ਮੈਡੀਕਲ ਵਿਦਿਆਰਥੀ ਸੋਚਦੇ ਹਨ ਕਿ ਅਗਲੇ ਛੇ ਮਹੀਨਿਆਂ ਵਿੱਚ ਦੂਜੀ ਲਹਿਰ ਦੇ ਹੱਲੇ ਦੀ ਵੱਡੀ ਸੰਭਾਵਨਾ ਹੈ। ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐੱਮ.ਏ.) ਦੇ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਡਾਕਟਰ ਦੁਬਾਰਾ ਮਹਾਂਮਾਰੀ ਦੀ ਲਾਗ ਤੋਂ ਬਚਣਾ ਚਾਹੁੰਦੇ ਹਨ। ਇਸ ਲਈ  ਨਵੇਂ ਨਿਯਮ ਵੀ ਲਾਗੂ ਕੀਤੇ ਜਾ ਰਹੇ ਹਨ ਜਿਵੇਂ ਕਿ ਸੋਮਵਾਰ ਨੂੰ ‘ਛੇ ਦਾ ਨਿਯਮ’ ਲਾਗੂ ਹੋਇਆ ਹੈ। ਦੂਜੇ ਪਾਸੇ ਯੂਕੇ ਵਿੱਚ ਵਾਇਰਸ ਦੀ ਲਾਗ ਦੇ ਕੇਸ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਐਤਵਾਰ ਨੂੰ ਯੂਕੇ ਵਿੱਚ ਕੋਵਿਡ -19 ਦੇ 3,330 ਕੇਸ ਦਰਜ ਕੀਤੇ ਗਏ ਜੋ ਮਈ ਤੋਂ ਬਾਅਦ 3,000 ਤੋਂ ਉੱਪਰ ਹਨ। ਇਸ ਸੰਬੰਧੀ ਸਥਾਨਕ ਅਤੇ ਰਾਸ਼ਟਰੀ ਪੱਧਰ ‘ਤੇ ਸਖ਼ਤ ਨਵੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾਵਾਇਰਸ ਲਾਗ ਉਪਰ ਚੜ੍ਹ ਰਿਹਾ ਹੈ। ਬਰਿਟਿਸ਼ ਮੈਡੀਕਲ ਐਸੋਸੀਏਸ਼ਨ ਕੌਂਸਲ ਦੇ ਚੇਅਰਮੈਨ ਡਾ. ਚਾਂਦ ਨਾਗਪਾਲ ਨੇ ਕਿਹਾ ਹੈ ਕਿ ਇਸ ਭਿਆਨਕਤਾ ਨੂੰ ਨੱਥ ਪਾਉਣ ਲਈ ਸਾਨੂੰ ਸਭ ਨੂੰ ਸੂਝ ਬੂਝ ਨਾਲ ਕਦਮ ਉਠਾਉਣ ਦੀ ਸਖਤ ਜ਼ਰੂਰਤ ਹੈ। ਕੋਵਿਡ ਦੇ ਪ੍ਰਭਾਵ ਨੂੰ ਘੱਟ ਕਰਨਾ ਸਿਰਫ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦਾ ਹੀ ਕੰਮ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here