ਯੂ ਕੇ: ਕੋਵਿਡ ਐਪ ਇਕਾਂਤਵਾਸ ਅਲਰਟਾਂ ਕਾਰਨ ਘੱਟ ਹੋਇਆ ਕਾਰਾਂ ਦਾ ਉਤਪਾਦਨ

0
75

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਯੂ ਕੇ ਵਿੱਚ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਵਾਇਰਸ ਪੀੜਤ ਮਰੀਜ਼ਾਂ ਦੇ ਨੇੜਲੇ ਸੰਪਰਕ ਹੋਣ ਕਰਕੇ ਲੱਖਾਂ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਹੈ। ਇਸ ਦੀ ਵਜ੍ਹਾ ਕਾਰਨ ਕਈ ਕਾਰੋਬਾਰਾਂ ਨੂੰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਿਆਦਾਤਰ ਕਾਮੇ ਇਕਾਂਤਵਾਸ ਲਈ ਘਰ ਰਹਿ ਰਹੇ ਹਨ। ਯੂਕੇ ਦੀ ਕਾਰ ਉਤਪਾਦਨ ਇੰਡਸਟਰੀ ਵੀ ਇਸ ਤੋਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਾਰ ਉਤਪਾਦਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਯੂਕੇ ਵਿੱਚ ਕਾਰਾਂ ਦਾ ਉਤਪਾਦਨ ਅਜੇ ਵੀ ਸਟਾਫ ਅਤੇ ਸੈਮੀ ਕੰਡਕਟਰ ਦੀ ਘਾਟ ਕਾਰਨ ਜ਼ਰੂਰਤ ਨਾਲੋਂ ਬਹੁਤ ਘੱਟ ਹੈ। ਸੁਸਾਇਟੀ ਆਫ ਮੋਟਰ ਮੈਨੂਫੈਕਚਰਰ ਐਂਡ ਟ੍ਰੇਡਰਜ਼ (ਐੱਸ.ਐੱਮ.ਐੱਮ.ਟੀ.) ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਜੂਨ ਵਿੱਚ ਸਿਰਫ 69,097 ਕਾਰਾਂ ਦਾ ਉਤਪਾਦਨ ਹੋਇਆ ਜੋ ਕਿ ਪਿਛਲੇ ਸਾਲ ਨੂੰ ਛੱਡ ਕੇ 1953 ਤੋਂ ਸਭ ਤੋਂ ਘੱਟ ਹੈ। ਇਸ ਲਈ ਇਹ ਟਰੇਡ ਬਾਡੀ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਸੂਚਿਤ ਕੀਤੇ ਸਟਾਫ ਨੂੰ ਛੋਟ ਦੇਣ ਲਈ ਸਹਾਇਤਾ ਦੀ ਮੰਗ ਕਰ ਰਹੀ ਹੈ। ਐੱਸ ਐੱਮ ਐੱਮ ਟੀ ਨੇ ਇਸ ਸਾਲ 1.05 ਮਿਲੀਅਨ ਤੋਂ ਵੱਧ ਕਾਰਾਂ ਬਣਾਉਣ ਦੀ ਉਮੀਦ ਜਤਾਈ ਸੀ, ਪਰ ਸੈਮੀ ਕੰਡਕਟਰ ਦੀ ਘਾਟ ਅਤੇ ਹੋਰ ਮੁੱਦੇ ਜਿਵੇਂ ਕਿ ਸਟਾਫ ਦੀ ਘਾਟ ਕਾਰਨ ਇਹ ਗਿਣਤੀ ਪੂਰੀ ਕਰਨੀ ਮੁਸ਼ਕਿਲ ਹੈ। ਯੂਕੇ ਦੇ ਕਾਰ ਪਲਾਂਟਾਂ ਨੇ 2021 ਦੇ ਪਹਿਲੇ ਅੱਧ ਵਿੱਚ ਸਿਰਫ 498,923 ਕਾਰਾਂ ਦਾ ਉਤਪਾਦਨ ਕੀਤਾ, ਜੋ ਕਿ ਪੰਜ ਸਾਲਾਂ ਦੀ ਓਸਤ ਨਾਲੋਂ 38.4% ਘੱਟ ਹਨ। ਇਸ ਲਈ ਐੱਸ ਐੱਮ ਐੱਮ ਟੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਟੀਕੇ ਲਗਵਾਏ ਹੋਏ ਬਾਲਗਾਂ ਨੂੰ ਇਕਾਂਤਵਾਸ ਤੋਂ ਛੋਟ ਦੇਣ ਲਈ ਮਿਥੀ ਗਈ 16 ਅਗਸਤ ਦੀ ਤਾਰੀਖ ਤੋਂ ਪਹਿਲਾਂ ਇਹ ਨਿਯਮ ਲਾਗੂ ਕੀਤੇ ਜਾਣ।

LEAVE A REPLY

Please enter your comment!
Please enter your name here