ਪਰਾਲੀ ਦੀ ਸਾਂਭ ਸੰਭਾਲ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆ

0
234

ਮਾਨਸਾ (ਸਾਂਝੀ ਸੋਚ ਬਿਊਰੋ) -ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਆਨ ਕੇਂਦਰ ਮਾਨਸਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਰਦੂਲਗੜ੍ਹ ਵਲੋਂ ਆਪਸੀ ਸਹਿਯੋਗ ਨਾਲ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਜਰੂਰੀ ਨੁਕਤੇ, ਹਾੜ੍ਹੀ ਰੁੱਤ ਦੀਆਂ ਫ਼ਸਲਾਂ ਦੇ ਬੀਜਾਂ, ਜੀਵਾਣੂ ਟੀਕੇ ਨਾਲ ਬੀਜ ਸੋਧ ਅਤੇ ਸਰਦੀ ਰੁੱਤ ਦੀ ਘਰੇਲੂ ਬਗੀਚੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਰਦੂਲਗੜ੍ਹ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਇਸ ਕੈੰਪ ਵਿਚ ਵੱਖ-ਵੱਖ ਪਿੰਡਾਂ ਦੇ 128 ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਪ੍ਰੇਰਿਆ। ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਅਤੇ ਡਾ. ਮਨੋਜ ਚੌਧਰੀ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦੇ ਪ੍ਰਬੰਧਨ ਅਤੇ ਕਣਕ ਦੇ ਬੀਜਾਂ ਤੇ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਪ੍ਰਤੀ ਜਾਗਰੂਕ ਕੀਤਾ ਅਤੇ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਮਿੱਟੀ ਅਤੇ ਪਾਣੀ ਇੰਜੀਨਿਅਰਿੰਗ ਇੰਜ: ਅਲੋਕ ਗੁਪਤਾ ਨੇ ਪਰਾਲੀ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਖੇਤੀ ਮਸ਼ੀਨਰੀ ਜਿਵੇਂ ਕਿ ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਸੀਡਰ ਆਦਿ ਦੀ ਸੁਚੱਜੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਸਰਦੀ ਰੁੱਤ ਦੀ ਘਰੇਲੂ ਬਗੀਚੀ ਅਤੇ ਝੋਨੇ ਦੀ ਪਰਾਲੀ ਨੂੰ ਬਾਗ਼ਬਾਨੀ ਫ਼ਸਲਾਂ ਵਿੱਚ ਮਲਚ ਦੇ ਤੌਰ ‘ਤੇ ਵਰਤਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਅਰੁਣ ਵਸ਼ਿਸ਼ਟ ਏਅਰ ਪੋਲੂਸ਼ਨ ਐਕਸ਼ਨ ਗਰੁੱਪ ਨੇ ਕਿਸਾਨਾਂ ਨੂੰ ਮੋਬਾਇਲ ਐੱਪ ਵਰਤ ਕੇ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਬੁੱਕ ਕਰਨ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਬਲਬੀਰ ਸਿੰਘ ਬਾਗ਼ਬਾਨੀ ਵਿਕਾਸ ਅਫ਼ਸਰ ਨੇ ਸਬਜ਼ੀਆਂ ਅਤੇ ਫ਼ਲਦਾਰ ਬੂਟੇ ਘਰ ਵਿੱਚ ਲਗਾ ਕੇ ਸਿਹਤ ਅਤੇ ਆਰਥਿਕ ਪੱਖ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਸਹਾਇਕ ਪ੍ਰੋਫੈਸਰ ਡਾ. ਰਣਵੀਰ ਸਿੰਘ ਪੌਦ ਸੁਰੱਖਿਆ, ਨੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸੋਧ ਬਾਰੇ ਜਾਣਕਾਰੀ ਦਿੱਤੀ ਅਤੇ ਜੀਵਾਣੂ ਟੀਕੇ ਦੀ ਜਮੀਨ ਦੇ ਸਿਹਤ ਅਤੇ ਫ਼ਸਲ ਦੇ ਝਾੜ ਵਧਾਉਣ ਪ੍ਰਤੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਹ ਟੀਕਾ ਕਿਸਾਨ ਵੀਰ ਕਣਕ ਦਾ ਬੀਜ ਲੈਣ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਕੈੰਪ ਦੌਰਾਨ ਕਿਸਾਨਾਂ ਨੂੰ ਜੀਵਾਣੂ ਟੀਕਾ ਅਤੇ ਖੇਤੀ ਸਾਹਿਤ ਵੀ ਮੁਹਈਆ ਕਰਵਾਇਆ ਗਿਆ।

LEAVE A REPLY

Please enter your comment!
Please enter your name here