ਪੰਜਾਬ ਦੀ ਖੁਸ਼ਹਾਲੀ ਲਈ ਵਿਸ਼ਵ ਪ੍ਰਸਿੱਧ ਦੇਵੀ ਤਲਾਬ ਮੰਦਰ ‘ਚ ਨਤਮਸਤਕ ਹੋਏ ਅਰਵਿੰਦ ਕੇਜਰੀਵਾਲ

0
264

* ਸਿਆਸੀ ਆਗੂ ਵਜੋਂ ਨਹੀਂ ਆਮ ਸ਼ਰਧਾਲੂ ਵਜੋਂ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਇਆ ਹਾਂ- ਕੇਜਰੀਵਾਲ

ਜਲੰਧਰ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਨਵਰਾਤਿਆਂ ਦੇ ਪਵਿੱਤਰ ਮੌਕੇ ‘ਤੇ ਜਲੰਧਰ ਦੇ ਵਿਸ਼ਵ ਪ੍ਰਸਿੱਧ ਦੇਵੀ ਤਲਾਬ ਮੰਦਰ ਵਿੱਚ ਨਤਮਸਤਕ ਹੋਏ। ਦੇਵੀ ਤਲਾਬ ਮੰਦਰ ਪਹੁੰਚਣ ਉਪਰੰਤ ਅਰਵਿੰਦ ਕੇਜਰੀਵਾਲ ਨੇ ਸ੍ਰੀ ਸਿੱਧ ਸ਼ਕਤੀਪੀਠ ਮਾਂ ਤ੍ਰੀਪੁਰ ਮਾਲਿਨੀ ਧਾਮ ‘ਤੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ ਅਤੇ ਪੰਜਾਬ ਤੇ ਦੇਸ਼ ਦੀ ਖੁਸ਼ਹਾਲੀ, ਅਮਨ ਸ਼ਾਂਤੀ, ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਹੋਰ ਮਜ਼ਬੂਤੀ ਦੀ ਕਾਮਨਾ ਕੀਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵਰਾਤਿਆਂ ਦੇ ਪਵਿੱਤਰ ਮੌਕੇ ਦੇਵੀ ਤਲਾਬ ਮੰਦਰ ਵਿੱਚ ਕਰਵਾਏ ਗਏ ਮਾਤਾ ਜੀ ਦੇ ਜਾਗਰਣ ‘ਚ ਹਾਜ਼ਰੀ ਭਰੀ। ਜਾਗਰਣ ਦੌਰਾਨ ਮਾਤਾ ਰਾਣੀ ਦੇ ਪੰਡਾਲ ‘ਚ ਸ਼ਰਧਾਲੂਆਂ ਦੇ ਰੂਬਰੂ ਹੁੰੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਵੀ ਮਾਂ ਦੇ ਚਰਨਾਂ ‘ਚ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ (ਕੇਜਰੀਵਾਲ) ਇੱਕ ਸਿਆਸੀ ਆਗੂ ਵਜੋਂ ਨਹੀਂ, ਸਗੋਂ ਇੱਕ ਆਮ ਭਗਤ ਵਜੋਂ ਮਾਤਾ ਦੇ ਦਰਬਾਰ ‘ਚ ਦਰਸ਼ਨ ਕਰਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਆਏ ਹਨ। ਮਾਤਾ ਰਾਣੀ ਅੱਗੇ ਅਰਦਾਸ ਕੀਤੀ ਹੈ ਕਿ ਸਮੁੱਚੇ ਵਿਸ਼ਵ ‘ਚ ਅਮਨ ਅਤੇ ਸ਼ਾਂਤੀ ਰਹੇ। ਪੰਜਾਬ ਅਤੇ ਦੇਸ਼ ਹਮੇਸ਼ਾਂ ਚੜ੍ਹਦੀ ਕਲਾ ‘ਚ ਰਹਿਣ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਸਿਆਸੀ ਸੀਮਾਵਾਂ ਤੋਂ ਉਪਰ ਉਠ ਕੇ ਹਰੇਕ ਨੂੰ ਆਪਣਾ- ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮੇਂ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਸਹਿ ਇੰਚਾਰਜ ਰਾਘਵ ਚੱਢਾ ( ਦੋਵੇਂ ਦਿੱਲੀ ਤੋਂ ਵਿਧਾਇਕ), ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖ਼ਜ਼ਾਨਚੀ ਨੀਨਾ ਮਿੱਤਲ, ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ, ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਆਦਿ ਆਗੂਆਂ ਨੇ ਵੀ ਮਾਤਾ ਦੇ ਦਰਬਾਰ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਸਥਾਨਕ ਆਗੂਆਂ ‘ਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਸੀਨੀਅਰ ਆਗੂ ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਲੋਕ ਸਭਾ ਇੰਚਾਰਜ ਲੱਕੀ ਰੰਧਾਵਾ, ਹਲਕਾ ਇੰਚਾਰਜ ਕਰਤਾਰਪੁਰ ਬਲਕਾਰ ਸਿੰਘ, ਸ਼ਾਹਕੋਟ ਤੋਂ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਅਤੇ ਆਤਮ ਪ੍ਰਕਾਸ ਸਿੰਘ ਆਦਿ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਪੰਜਾਬ ਦੌਰੇ ‘ਤੇ ਹਨ। ਮੰਗਲਵਾਰ ਨੂੰ ਬਾਅਦ ਦੁਪਿਹਰ ਆਮ ਘਰੇਲੂ ਉਡਾਣ ਰਾਹੀਂ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜੇ ਸਨ। ਜਿਥੋਂ ਪਹਿਲਾ ਬਟਾਲਾ ਦੇ ਪਿੰਡ ਸੇਖਵਾਂ ਗਏ ਅਤੇ ਉਥੋਂ ਸਿੱਧਾ ਜਲੰਧਰ ਦੇ ਦੇਵੀ ਤਲਾਬ ਮੰਦਰ ‘ਚ ਨਤਮਸਤਕ ਹੋਣ ਲਈ ਪਹੁੰਚੇ। ਕੇਜਰੀਵਾਲ ਅਤੇ ਬਾਕੀ ‘ਆਪ’ ਆਗੂ ਮੰਗਲਵਾਰ ਦੀ ਰਾਤ ਜਲੰਧਰ ‘ਚ ਹੀ ਰੁਕੇ।

LEAVE A REPLY

Please enter your comment!
Please enter your name here