6ਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ ਸ਼ੁਰੂ, ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਉਦਘਾਟਨ

0
13
  • 90,000 ਨੌਕਰੀਆਂ ਲਈ 1.40 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ
    50,000 ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਲਦ ਦਿੱਤਾ ਜਾਵੇਗਾ: ਰੋਜ਼ਗਾਰ ੳੱਤਪਤੀ ਮੰਤਰੀ ਚੰਨੀ

ਚੰਡੀਗੜ, ਸਾਂਝੀ ਸੋਚ ਬਿਊਰੋ : ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਘਰ ਘਰ ਰੋਜਗਾਰ ਅਤੇ ਕਾਰੋਬਾਰ ਤਹਿਤ ਅੱਜ 6ਵਾਂ ਸੂਬਾ ਪੱਧਰੀ ਨੌਕਰੀ ਮੇਲਾ ਸ਼ੁਰੂ ਹੋ ਗਿਆ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਰੁਜਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਫ਼ਤਾ ਭਰ ਚੱਲਣ ਵਾਲੇ ਇਸ ਸੂਬਾ ਪੱਧਰੀ ਰੋਜ਼ਗਾਰ ਮੇਲੇ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕੀਤਾ ਗਿਆ।ਅੱਜ ਪਹਿਲੇ ਦਿਨ ਮੇਲਾ ਅੱਜ 13 ਜ਼ਿਲਿਆਂ ਵਿੱਚ ਸ਼ੁਰੂ ਹੋ ਗਿਆ। ਵਰਚੁਅਲ ਪਲੇਟਫਾਰਮ ਦੀ ਸਹੂਲਤ ਸਾਰੇ 22 ਜ਼ਿਲਿਆਂ ਵਿੱਚ ਸ਼ੁਰੂ ਹੋ ਗਈ ਹੈ।ਇਸ ਵਰਚੁਅਲ ਉਦਘਾਟਨੀ ਸਮਾਗਮ ਵਿੱਚ ਵੱਡੀ ਗਿਣਤੀ ਨਿਯੋਜਕਾਂ ਸਮੇਤ ਸੂਬੇ ਦੇ ਛੇ ਜ਼ਿਲਿਆਂ  ਪਟਿਆਲਾ, ਫਰੀਦਕੋਟ, ਸੰਗਰੂਰ, ਫਤਿਹਗੜ ਸਾਹਿਬ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ / ਵਧੀਕ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ।
ਰੁਜਗਾਰ ਉਤਪਤੀ ਮੰਤਰੀ ਚੰਨੀ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਸੀਮਤ ਹੋ ਗਏ ਹਨ, ਪਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਇਨਾਂ ਔਖੇ ਸਮਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇ ਲੋੜੀਂਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗੀ। ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੀਆਂ ਪਾਬੰਦੀਆਂ ਅਤੇ ਦਰਪੇਸ਼ ਮੁਸ਼ਕਿਲਾਂ ਦੇ ਬਾਵਜੂਦ ਇਸ ਸਾਲ ਦੇ ਸੂਬਾ ਪੱਧਰੀ ਨੌਕਰੀ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਵਾਰ ਨੌਕਰੀ ਮੇਲੇ ਲਈ ਨਿੱਜੀ ਖੇਤਰ ਵਿਚ 90,000 ਅਸਾਮੀਆਂ ਵਾਸਤੇ 1.40 ਲੱਖ ਅਰਜੀਆਂ ਪ੍ਰਾਪਤ ਹੋਈਆਂ ਹਨ, ਜੋ ਚਾਹਵਾਨਾਂ ਲਈ ਪੇਸ਼ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਸਾਲ ਸੂਬਾ ਪੱਧਰੀ ਰੋਜ਼ਗਾਰ ਮੇਲੇ ਦੀਆਂ ਬਹੁਤ ਸਾਰੀਆਂ ਸਹੂਲਤਾਂ ਵਰਚੁਅਲ ਪਲੇਟਫਾਰਮ ਰਾਹੀਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੋਵਿਡ -19 ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ 69 ਥਾਵਾਂ ’ਤੇ ਇਹ ਮੇਲੇ ਲਗਾਏ ਜਾ ਰਹੇ ਹਨ, ਜਿੱਥੇ ਨਿੱਜੀ ਤੌਰ ’ਤੇ ਲੋਕ ਸ਼ਾਮਿਲ ਹੋ ਸਕਣਗੇ।
ਸ੍ਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਦੌਰਾਨ ਪੰਜਾਬ ਸਰਕਾਰ ਇਕ ਲੱਖ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਭਰੇਗੀ, ਜਿਨਾਂ ਵਿਚੋਂ 50,000 ਸਰਕਾਰੀ ਨੌਕਰੀਆਂ ਸਬੰਧੀ ਇਸ਼ਤਿਹਾਰ ਜਲਦ ਦਿੱਤਾ ਜਾਵੇਗਾ ਜਿਸ ਲਈ ਕਾਗਜ਼ੀ ਕਾਰਵਾਈ ਲਗਭਗ ਮੁਕੰਮਲ ਕਰ ਲਈ ਗਈ ਹੈ ਅਤੇ ਹੋਰ 50 ਹਜਾਰ ਸਰਕਾਰੀ ਨੌਕਰੀਆ ਸਬੰਧੀ ਇਸ਼ਤਿਹਾਰ ਦੇਣ ਲਈ ਕਾਗਜ਼ੀ ਕਾਰਵਾਈ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਲੱਖ ਸਰਕਾਰੀ ਨੌਕਰੀਆਂ ਭਰਨ ਦੀ ਪੂਰੀ ਪ੍ਰਗਤੀ ਦਾ ਜਾਇਜ਼ਾ ਸਮੇਂ-ਸਮੇਂ ’ਤੇ ਖੁਦ ਲੈ ਰਹੇ ਹਨ।
ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਵਿਭਾਗ ਆਪਣਾ ਕਾਰੋਬਾਰ/ਉੱਦਮ ਚਲਾਉਣ ਦੇ ਚਾਹਵਾਨ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਦੀ ਯੋਜਨਾ ਬਣਾ ਰਿਹਾ ਹੈ।
ਵੀਡੀਓ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲੇ ਡਿਪਟੀ ਕਮਿਸਨਰਾਂ ਨੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਨਾਂ ਵੱਲੋਂ ਕੋਵਿਡ -19 ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 6ਵੇਂ ਸੂਬਾ ਪੱਧਰੀ ਨੌਕਰੀ ਮੇਲੇ ਨੂੰ ਸਫਲਤਾਪੂਰਵਕ ਕਰਵਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਰੋਜ਼ਗਾਰ ਉਤਪਤੀ ਵਿਭਾਗ, ਪੰਜਾਬ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ ਨੌਕਰੀ ਤਲਾਸ਼ ਰਹੇ ਨੌਜਵਾਨਾਂ ਲਈ 10 ਤੋਂ ਘੱਟ ਪੜੇ ਲਿਖੇ ਤੋਂ ਲੈ ਕੇ ਪੋਸਟ ਗ੍ਰੈਜੂਏਟ / ਡਾਕਟਰੇਟ ਅਤੇ ਆਈਟੀਆਈ / ਡਿਪਲੋਮਾ ਪਾਸ ਤੋਂ ਲੈ ਕੇ ਬੀ. ਟੈੱਕ ਇੰਜੀਨੀਅਰਾਂ ਲਈ ਨੌਕਰੀਆਂ ਉਪਲੱਬਧ ਹਨ। ਇਸ ਨੌਕਰੀ ਮੇਲੇ ਵਿੱਚ ਤਨਖਾਹ ਦੀ ਸੀਮਾ 1 ਲੱਖ ਤੋਂ ਲੈ ਕੇ 43 ਲੱਖ ਪ੍ਰਤੀ ਸਾਲ ਤੱਕ ਹੈ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਨਿਯੋਜਕਾਂ ਵਿੱਚ ਐਚਡੀਐਫਸੀ ਬੈਂਕ, ਹੈਵੈਲਜ਼ ਇੰਡੀਆ ਲਿਮਟਿਡ, ਰਿਲਾਇੰਸ ਇੰਡਸਟਰੀਜ, ਆਈ.ਸੀ.ਆਈ.ਸੀ.ਆਈ. ਬੈਂਕ, ਫਲਿੱਪਕਾਰਟ, ਟੈੱਕ ਮਹਿੰਦਰਾ, ਵਰਧਮਾਨ ਯਰਨ ਐਂਡ ਥ੍ਰੈਡਸ ਲਿਮਟਿਡ, ਟਰਾਈਡੈਂਟ ਗਰੁੱਪ, ਮਾਈਕ੍ਰੋਸਾਫਟ ਆਦਿ ਅਤੇ ਹੋਰ ਕਈ ਸਥਾਨਕ ਨਿਯੋਜਕ ਸ਼ਾਮਲ ਹਨ।
ਰੋਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਉਨਾਂ ਨੇ ਸਰਕਾਰ ਨਾਲ ਸਾਂਝੇ ਪਲੇਟਫਾਰਮ ’ਤੇ ਜੁੜ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਨਿਯੋਜਕਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here