ਵਿਧਾਨ ਸਭਾ ਹਲਕਾ ਸੁਨਾਮ ਦੇ ਰਿਕਾਰਡਤੋੜ ਵਿਕਾਸ ਲਈ ਵਚਨਬੱਧਤਾ ਦੁਹਰਾਈ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 14 ਫਰਵਰੀ, 2024: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ 1.93 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਇਨਕਲਾਬ ਲਿਆਂਦੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦਾ ਕੋਈ ਵੀ ਵਿਦਿਅਕ ਅਦਾਰਾ ਕਿਸੇ ਵੀ ਕਿਸਮ ਦੀ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਸੁਨਾਮ ਹਲਕੇ ਦੇ ਲੋਕਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ ਹੈ ਉਹ ਉਦੋਂ ਤੋਂ ਹੀ ਹਲਕੇ ਦੇ ਕਾਇਆਕਲਪ ਲਈ ਤਨਦੇਹੀ ਨਾਲ ਜੁਟੇ ਹੋਏ ਹਨ ਅਤੇ ਛੇਤੀ ਹੀ ਹਲਕੇ ਦਾ ਕੋਈ ਵੀ ਪਿੰਡ, ਕਸਬਾ ਜਾਂ ਸ਼ਹਿਰੀ ਹਿੱਸਾ ਅਜਿਹਾ ਨਹੀਂ ਹੋਵੇਗਾ ਜਿਸ ਦੇ ਨਿਵਾਸੀ ਕਿਸੇ ਵੀ ਸਹੂਲਤ ਤੋਂ ਸੱਖਣੇ ਰਹਿ ਜਾਣਗੇ। ਉਨ੍ਹਾਂ ਦੁਹਰਾਇਆ ਕਿ ਹਲਕਾ ਸੁਨਾਮ ਦਾ ਰਿਕਾਰਡਤੋੜ ਵਿਕਾਸ ਕਰਵਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਨਾਲ ਬਦਲੀ ਹੋਈ ਨੁਹਾਰ ਇਸ ਗੱਲ ਦੀ ਆਪਣੀ ਗਵਾਹੀ ਆਪ ਦੇਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਪੌਣੇ ਦੋ ਸਾਲਾਂ ਤੋਂ ਅਨੇਕਾਂ ਪ੍ਰੋਜੈਕਟ ਮੁਕੰਮਲ ਹੋਏ ਅਤੇ ਅਨੇਕਾਂ ਹੀ ਪੂਰੀ ਰਫਤਾਰ ਨਾਲ ਪ੍ਰਗਤੀ ਅਧੀਨ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਪਵੇਲੀਅਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਤਿਹਾਸਕ ਉਪਰਾਲੇ ਕਰ ਰਹੀ ਹੈ ਅਤੇ ਇਹ ਖੇਡ ਪਵੇਲੀਅਨ ਵੀ ਭਵਿੱਖ ਵਿੱਚ ਇਸ ਕਾਲਜ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਮੱਲਾਂ ਮਾਰਨ ਦੇ ਯੋਗ ਬਣਾਉਣ ਲਈ ਯੋਗਦਾਨ ਪਾਏਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਕਾਲਜਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਉਪਲਬਧਤਾ ਦੇ ਨਾਲ ਨਾਲ ਸਾਡੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ, ਅਕਾਦਮਿਕ ਤੇ ਉਸਾਰੂ ਮਾਹੌਲ ਪ੍ਰਦਾਨ ਕਰਨ ਦੇ ਨਾਲ ਨਾਲ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਜੁਟੇ ਹੋਏ ਹਾਂ ਅਤੇ ਅੱਜ ਦੇ ਇਹ ਵਿਕਾਸ ਕਾਰਜ ਵੀ ਇਸ ਦਾ ਹੀ ਸੰਕੇਤ ਦਿੰਦੇ ਹਨ ਕਿ ਵਿਦਿਅਕ ਮਜ਼ਬੂਤੀ ਲਈ ਫ਼ੰਡਾਂ ਦੀ ਕਮੀ ਕਦੇ ਵੀ ਨਹੀਂ ਆਉਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੇ 4-5 ਮਹੀਨਿਆਂ ਅੰਦਰ ਇਨ੍ਹਾਂ ਵਿਕਾਸ ਕੰਮਾਂ ਦੇ ਨਿਰਮਾਣ ਕਾਰਜ ਮੁਕੰਮਲ ਹੋ ਜਾਣਗੇ ਤੇ ਕਾਲਜ ਦੇ ਵਿਦਿਆਰਥੀ ਤੇ ਸਟਾਫ਼ ਇਨ੍ਹਾਂ ਸੁਵਿਧਾਵਾਂ ਦਾ ਆਨੰਦ ਮਾਣ ਸਕਣਗੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਜਤਿੰਦਰ ਜੈਨ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ,  ਐਡਵੋਕੇਟ ਹਰਦੀਪ ਸਿੰਘ ਭਰੂਰ, ਓ.ਐਸ.ਡੀ ਅੰਮ੍ਰਿਤ ਸਿੱਧੂ, ਵਾਈਸ ਪ੍ਰਿੰਸੀਪਲ ਮੈਡਮ ਅਚਲਾ, ਨਰੇਸ਼ ਸ਼ਰਮਾ, ਸਾਹਿਬ ਸਿੰਘ ਬਲਾਕ ਪ੍ਰਧਾਨ, ਸੰਦੀਪ ਜਿੰਦਲ ਬਲਾਕ ਪ੍ਰਧਾਨ, ਹਰਮੀਤ ਵਿਰਕ, ਬਿੱਟੂ ਤਲਵਾੜ, ਯਾਦਵਿੰਦਰ ਰਾਜਾ, ਰਾਮ ਕੁਮਾਰ, ਚਮਕੌਰ ਹਾਂਡਾ, ਵਿਸ਼ਾਲ ਕੌਸ਼ਲ, ਭਾਨੂੰ ਪ੍ਰਤਾਪ, ਸੁਭਾਸ਼ ਤਨੇਜਾ ਵੀ ਹਾਜ਼ਰ ਸਨ।
        
                





