ਸਾਡੇ ਬਾਰੇ

ਪੰਜਾਬੀ ਭਾਈਚਾਰੇ ਤੇ ਸਮਾਜ ਦੀ ਸੇਵਾ ਨੂੰ ਸਮਰਪਿਤ ‘ਸਾਂਝੀ ਸੋਚ’ ਅਖ਼ਬਾਰ

‘ਸਾਂਝੀ ਸੋਚ’ ਅਖ਼ਬਾਰ ਪਿਛਲੇ 8 ਸਾਲਾਂ ਤੋਂ ਪੰਜਾਬੀ ਸਮਾਜ ਤੇ ਹੋਰ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਆ ਰਿਹਾ ਹੈ। ਉਸ ਨੇ ਕਦੇ ਵੀ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਨਹੀਂ ਦਿੱਤੀ ਤੇ ਹਮੇਸ਼ਾਂ ਉਨ੍ਹਾਂ ਲੋਕਾਂ ਖਿਲਾਫ਼ ਬੇਖੌਫ਼ ਹੋ ਕੇ ਆਵਾਜ਼ ਉਠਾਈ ਹੈ ਜੋ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਆਪਣੇ ਸਵਾਰਥ ਲਈ ਵਰਤਣਾ ਚਹੁੰਦੇ ਹਨ। ਅਜਿਹਾ ਕਰਦਿਆਂ ਭਾਵੇਂ ਅਖ਼ਬਾਰ ਨੂੰ ਆਰਥਕ ਨੁਕਸਾਨ ਵੀ ਉਠਾਉਣਾ ਪਿਆ ਹੈ ਪਰ ਉਹ ਆਪਣੇ ਅਸੂਲਾਂ ਤੋਂ ਕਦੇ ਨਹੀਂ ਥਿੜਕਿਆ। ‘ਸਾਂਝੀ ਸੋਚ’ ਅਦਾਰਾ ਚਹੁੰਦਾ ਹੈ ਕਿ ਪੰਜਾਬੀ ਤਰੱਕੀਆਂ ਕਰਨ। ਪੰਜਾਬੀ ਸਮਾਜ ਤੇ ਪੰਜਾਬੀ ਸਭਿਆਚਾਰ ਦਾ ਵਿਕਾਸ ਹੋਵੇ ਪਰ ਅਜਿਹਾ ਕਰਦਿਆਂ ਆਪਣੇ ਅਸੂਲਾਂ ਤੇ ਸਿਧਾਂਤ ਨੂੰ ਨਾ ਵਿਸਾਰਿਆ ਜਾਵੇ। ਇਸ ਮਕਸਦ ਲਈ ਉਹ ਨਿਰੰਤਰ ਕੰਮ ਕਰਦਾ ਆ ਰਿਹਾ ਹੈ। ਅਖ਼ਬਾਰ ਵਿਚ ਮਿਆਰੀ ਸਮੱਗਰੀ ਹੀ ਛਾਪੀ ਜਾਂਦੀ ਹੈ। ਅਸ਼ਲੀਲਤਾ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ।

Boota Singh Basi

President & Chief Editor

ਅਖ਼ਬਾਰ ਸਾਡੇ ਸਮਾਜਿਕ ਲੀਡਰਾਂ ਉਪਰ ਵੀ ਕਰੜੀ ਨਜਰ ਰੱਖਦਾ ਹੈ ਤੇ ਗਲਤ ਹੋਣ ‘ਤੇ ਉਨ੍ਹਾਂ ਨੂੰ ਅਹਿਸਾਸ ਕਰਵਾਉਣ ਵਿਚ ਦੇਰ ਨਹੀਂ ਲਾਉਂਦਾ। ਅਖ਼ਬਾਰ ਨੇ ਧੋਖਾ ਦੇਣ ਵਾਲੇ ਪ੍ਰਵਾਸੀ ਲਾੜ੍ਹਿਆਂ ਨੂੰ ਕਟਹਿਰੇ ਵਿਚ ਖੜਾ ਕਰਨ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਤੇ ਪ੍ਰਵਾਸੀ ਲਾੜ੍ਹਿਆਂ ਹੱਥੋਂ ਸਤਾਈਆਂ ਕੁੜੀਆਂ ਨੂੰ ਨਿਆਂ ਦਿਵਾਉਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਹਨ। ਗੁਰੂ ਘਰਾਂ ਵਿਚਲੇ ਸਵਾਰਥੀ ਲੋਕਾਂ ਨੂੰ ਵੀ ਸੰਗਤਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬੀਆਂ ਦੇ ਸਾਂਝੇ ਤੇ ਨਿੱਜੀ ਸਮਾਗਮਾਂ ਤੇ ਹੋਰ ਸਰਗਰਮੀਆਂ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ ਹੈ। ਰਾਜਨੀਤੀ ਵਿਚ ਸਰਗਰਮ ਪੰਜਾਬੀਆਂ ਦੀ ਹਮੇਸ਼ਾਂ ਹੌਸਲਾ ਅਫ਼ਜਾਈ ਕੀਤੀ ਹੈ। ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ‘ਸਾਂਝੀ ਸੋਚ’ ਅਦਾਰਾ ਭਵਿੱਖ ਵਿਚ ਵੀ ਸਾਬਤ ਕਦਮੀ ਅੱਗੇ ਵੱਧਦਾ ਰਹੇਗਾ। ਮੈਨੂੰ ਨਾ ਕੇਵਲ ਉਮੀਦ ਹੈ ਬਲਕਿ ਮੁਕੰਮਲ ਭਰੋਸਾ ਹੈ ਕਿ ਕਾਰੋਬਾਰੀ ਅਦਾਰਿਆਂ ਦੇ ਮਾਲਕ ਤੇ ਪੰਜਾਬੀ ਭਾਈਚਾਰਾ ਪਹਿਲਾਂ ਦੀ ਤਰਾਂ ਸਹਿਯੋਗ ਦਿੰਦਾ ਰਹੇਗਾ।