ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਹੁਲਾਰਾ, ਹਰਚੰਦ ਬਰਸਟ ਨੇ ਵੱਡੀ ਜਿੱਤ ਦਾ ਕੀਤਾ ਦਾਅਵਾ
ਚੰਡੀਗੜ੍ਹ/ਜਲੰਧਰ, ਮਾਰਚ 11
ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸ਼ਾਹਕੋਟ (ਜਲੰਧਰ)ਦੇ ਲਗਭਗ 42 ਤੋਂ ਵੱਧ ਪਿੰਡਾਂ ਦੇ ਮੌਜੂਦਾ ਅਤੇ ਸਾਬਕਾ ਸਰਪੰਚਾਂ, ਪੰਚਾਂ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ‘ਆਪ’ ਦਾ ਪੱਲਾ ਫੜਿਆ। ਸਾਰੇ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ ‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ। ਪੰਚਾਇਤ ਮੈਂਬਰਾਂ ਨੇ ਅਕਾਲੀ ਦਲ, ਕਾਂਗਰਸ ਅਤੇ ਬਸਪਾ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।
ਸ਼ਨੀਵਾਰ ਨੂੰ ਆਯੋਜਿਤ ਇੱਕ ਪ੍ਰੋਗਰਾਮ, ਜਿਸ ਦੇ ਮੁੱਖ ਸੰਯੋਜਕ ਤੇ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਰਤਨ ਸਿੰਘ ਕਾਕੜਕਲਾਂ ਸਨ, ਵਿੱਚ ਸੈਂਕੜੇ ਨਵੇਂ ਮੈਂਬਰਾਂ ਦੇ ਜੁੜਨ ਨਾਲ ਆਮ ਆਦਮੀ ਪਾਰਟੀ ਨੂੰ ਆਗਾਮੀ ਜ਼ਿਮਨੀ ਚੋਣ ਲਈ ਜ਼ਬਰਦਸਤ ਹੁਲਾਰਾ ਮਿਲਿਆ। ਇਸ ਸਮਾਗਮ ਵਿੱਚ ਮੈਡਮ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਆਤਮ ਪ੍ਰਕਾਸ਼ ਬਬਲੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਰਹੇ।
ਨਵੇਂ ਸ਼ਾਮਲ ਮੈਂਬਰਾਂ ਵਿੱਚ ਬਲਾਕ ਸ਼ਾਹਕੋਟ ਦੇ ਪਿੰਡ ਮੀਏਵਾਲ ਆਰੀਆ,ਐਦਲਪੁਰ, ਬਾਂਹਮਣੀਆਂ ਖੁਰਦ, ਚੱਕ ਬਾਹਮਣੀਆ, ਬਾਜਵਾ ਖੁਰਦ, ਬੁੱਢਣਵਾਲ, ਦਾਨੇਵਾਲ, ਸਾਹਲਾਨਗਰ, ਸੇਖੇਵਾਲ, ਹਵੇਲੀ ਪੱਤੀ, ਬਾਦਸ਼ਾਹਪੁਰ, ਕਸੂਪੁਰ ਖਾਨਪੁਰ ਰਾਜਪੂਤਾਂ, ਮੁਰੀਦਵਾਲ, ਮਾਲੂਪੁਰ, ਨਿਹਾਲੂਵਾਲ, ਬਲਾਕ ਲੋਹੀਆ ਦੇ ਪਿੰਡ ਮਡਾਲਾ, ਕੰਗ ਖੁਰਦ ,ਕੋਠਾ, ਨਸੀਰਪੁਰ, ਮਾਣਕ, ਕਾਰਾ ਰਾਮ ਸਿੰਘ, ਸਾਬੂਵਾਲ ਕਮਾਲਪੁਰ, ਕਾਕੜ ਕਲਾਂ, ਯੋਕਪੁਰ ਕਲਾਂ, ਨਵਾ ਪਿੰਡ ਖਾਲੇਵਾਲ, ਟੁਰਨਾ, ਮਹਿਮੂੰਵਾਲ ਮਾਹਲਾ , ਅਤੇ ਬਲਾਕ ਮਹਿਤਪੁਰ ਦੇ ਪਿੰਡ ਇਸਮਾਈਲਪੁਰ, ਕੰਗ ਵਾਲੇ ਬਿੱਲੇ, ਗੋਸੁਵਾਲ , ਸਿੰਘਪੁਰ ਬੇਟ, ਬਾਲੋਕੀ ਖੁਰਦ, ਬੀੜ ਬਲੋਕੀ, ਮਹਿਤਪੁਰ ਵਾਰਡ 11, ਇਨੇਵਾਲ, ਗੇਲ਼ੜ, ਰੋਲੀ ਦੇ ਨੁਮਾਇੰਦੇ ਪ੍ਰਮੁੱਖ ਸਨ।
ਇਸ ਮੌਕੇ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨਾਲ ਅਗਾਮੀ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਅਤੇ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਤੰਤਰ ਤੋਂ ਪ੍ਰੇਸ਼ਾਨ ਸਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਅਤੇ ਇਮਾਨਦਾਰ ਕੰਮਾਂ ਨੂੰ ਦੇਖ ਕੇ ਲੋਕਾਂ ਨੂੰ ਇੱਕ ਚੰਗਾ ਰਾਜਨੀਤਕ ਬਦਲ ਮਿਲ ਗਿਆ ਹੈ। ਉਨ੍ਹਾਂ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਹਰਚੰਦ ਬਰਸਟ ਨੇ ਸਾਰੀਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣਾ ਹੈ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਭ੍ਰਿਸ਼ਟ ਸਰਕਾਰਾਂ ਦੇਖੀਆਂ ਹਨ ਅਤੇ ਹੁਣ ਇੱਕ ਸਾਲ ਆਮ ਆਦਮੀ ਪਾਰਟੀ ਦੀ ਕੰਮ ਦੀ ਰਾਜਨੀਤੀ ਦੇਖੀ ਹੈ। ਇਸੇ ਲਈ ਲਗਾਤਾਰ ਆਗੂ ਅਤੇ ਆਮ ਲੋਕ ‘ਆਪ’ ਨਾਲ ਜੁੜ ਰਹੇ ਹਨ ਅਤੇ ਅਗਾਮੀ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ।







