ਡੀ.ਏ.ਵੀ ਕਾਲਜ ਜਲੰਧਰ ਵਿਖੇ ਸ੍ਰ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।
ਡੀ.ਏ.ਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਲੰਟੀਅਰਜ਼ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਵਲੰਟੀਅਰ ਭਵਨੀਤ, ਰਿਤਿਕ ਅਤੇ ਹਰਮਨਦੀਪ ਸਿੰਘ ਨੇ ਬਹੁਤ ਹੀ ਖ਼ੂਬਸੂਰਤ ਕਵਿਤਾਵਾਂ ਰਾਹੀਂ ਹਾਜ਼ਰ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਐੱਨ ਐੱਸ ਐੱਸ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਸਾਹਿਬ ਸਿੰਘ ਨੇ ਸ੍ਰ. ਭਗਤ ਸਿੰਘ ਜੀ ਦੇ ਜੀਵਨ ਅਤੇ ਕੁਰਬਾਨੀ ਬਾਰੇ ਬਹੁਤ ਹੀ ਮਹੱਤਵਪੂਰਨ ਗੱਲਬਾਤ ਸਾਂਝੀ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਹੋਣ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਵਿਚਾਰਧਾਰਾ ਨੂੰ ਅਪਨਾ ਕੇ ਆਪਣੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕੇ। ਇਸ ਮੌਕੇ ਡਾ. ਰਾਜਨ ਸ਼ਰਮਾ (ਡੀਨ ਈ.ਐਮ.ਏ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਦੇਸ਼ ਦੇ ਨਾਇਕ ਹਮੇਸ਼ਾ ਸਾਡੇ ਪ੍ਰੇਰਨਾ ਸ੍ਰੋਤ ਰਹਿੰਦੇ ਹਨ। ਕੰਪਿਊਟਰ ਵਿਭਾਗ ਤੋਂ ਪਹੁੰਚੇ ਡਾ. ਵਿਸ਼ਾਲ ਸ਼ਰਮਾ ਨੇ ਵੀ ਵਲੰਟੀਅਰਜ਼ ਨਾਲ ਸ੍ਰ. ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਬਹੁਤ ਹੀ ਮਹੱਤਵਪੂਰਨ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਹਾਜ਼ਰ ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਜ਼ ਨੇ ਸ੍ਰ. ਭਗਤ ਸਿੰਘ ਜੀ ਨੂੰ ਯਾਦ ਕਰਦਿਆਂ ਉਨਾਂ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਦੇਸ਼ ਪ੍ਰਤੀ ਵਚਨਬੱਧਤਾ ਵਾਲੀ ਸੋਚ ਨੂੰ ਵਿਹਾਰਕ ਰੂਪ ਵਿੱਚ ਅਪਣਾਉਣ ਦੀ ਸਹੁੰ ਵੀ ਚੁੱਕੀ। ਅੰਤ ‘ਤੇ ਵਲੰਟੀਅਰ ਸਿਮਰਨ ਵੱਲੋਂ ਹਾਜ਼ਰ ਅਧਿਆਪਕਾਂ, ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ ਗਿਆ।