ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਰੋਕਣਾ ਧਾਰਮਿਕ ਵਿਤਕਰੇ ਦੀ ਮਿਸਾਲ ਤੇ ਸਿੱਖ–ਹਿੰਦੂ ਏਕਤਾ ’ਤੇ ਸਿੱਧਾ ਵਾਰ : ਪ੍ਰੋ. ਖਿਆਲਾ

0
9
ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਰੋਕਣਾ ਧਾਰਮਿਕ ਵਿਤਕਰੇ ਦੀ ਮਿਸਾਲ ਤੇ ਸਿੱਖ–ਹਿੰਦੂ ਏਕਤਾ ’ਤੇ ਸਿੱਧਾ ਵਾਰ : ਪ੍ਰੋ. ਖਿਆਲਾ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਰੋਕਣਾ ਸਿੱਖ ਧਰਮ ਦੇ ਅਸੂਲਾਂ ਤੇ ਸਾਂਝੀਵਾਲਤਾ ਦਾ ਅਪਮਾਨ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਰੋਕਣਾ ਧਾਰਮਿਕ ਵਿਤਕਰੇ ਦੀ ਮਿਸਾਲ ਤੇ ਸਿੱਖ–ਹਿੰਦੂ ਏਕਤਾ ’ਤੇ ਸਿੱਧਾ ਵਾਰ : ਪ੍ਰੋ. ਖਿਆਲਾ
ਅੰਮ੍ਰਿਤਸਰ, 5 ਨਵੰਬਰ —
ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨਾਲ ਹਿੰਦੂ ਸ਼ਰਧਾਲੂਆਂ ਨੂੰ ਵਾਘਾ ਸਰਹੱਦ ’ਤੇ ਰੋਕਣ ਦੀ ਘਟਨਾ ਨੂੰ ਨਿੰਦਣਯੋਗ, ਦੁਖਦਾਈ ਅਤੇ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਅਤੇ  ਧਾਰਮਿਕ ਵਿਤਕਰੇ ਦੀ ਮਿਸਾਲ ਕਰਾਰ ਦਿੱਤਾ ਅਤੇ ਇਸ ਨੂੰ ਸਿੱਖ–ਹਿੰਦੂ ਏਕਤਾ ’ਤੇ ਸਿੱਧਾ ਵਾਰ ਕਹਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਿੱਖ ਜਥੇ ਦੇ ਨਾਲ ਜਾਣ ਵਾਲੇ ਹਿੰਦੂ ਭਗਤਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣਾ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦਾ ਸਪਸ਼ਟ ਉਲੰਘਣ ਹੈ।
ਜਿਨ੍ਹਾਂ ਹਿੰਦੂ ਸ਼ਰਧਾਲੂਆਂ ਦੇ ਪਾਸਪੋਰਟਾਂ ’ਤੇ “Hindu” ਦਰਜ ਸੀ ਅਤੇ ਜਿਨ੍ਹਾਂ ਨੂੰ ਬਕਾਇਦਾ ਵੀਜ਼ਾ ਜਾਰੀ ਹੋ ਚੁੱਕਾ ਸੀ, ਉਨ੍ਹਾਂ ਨੂੰ ਆਖ਼ਰੀ ਪਲ ’ਤੇ ਵਾਘਾ ’ਤੇ ਰੋਕਣਾ ਧਾਰਮਿਕ ਵਿਤਕਰੇ ਅਤੇ ਨਫ਼ਰਤ ਦੀ ਘਟੀਆ ਉਦਾਹਰਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਘਟਨਾ ਸਿਰਫ ਕੁਝ ਹਿੰਦੂ ਭਗਤਾਂ ਦੀ ਬੇਇੱਜ਼ਤੀ ਨਹੀਂ, ਸਗੋਂ ਸਿੱਖ ਤੇ ਹਿੰਦੂ ਕੌਮਾਂ ਵਿਚਕਾਰ ਮੌਜੂਦ ਆਧਿਆਤਮਿਕ ਸਾਂਝ ਅਤੇ ਸਦੀਆਂ ਪੁਰਾਣੀ ਭਰਾਤਰੀਕ ਏਕਤਾ ’ਤੇ ਸਿੱਧਾ ਵਾਰ ਹੈ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਯਾਤਰਾ ਲਈ ਜਾਣ ਵਾਲੇ ਹਿੰਦੂ ਸ਼ਰਧਾਲੂਆਂ ਦਾ ਉਦੇਸ਼ ਸਿਰਫ ਭਗਤੀ ਅਤੇ ਸ਼ਰਧਾ ਦਾ ਪ੍ਰਗਟਾਵਾ ਸੀ, ਪਰ ਪਾਕਿਸਤਾਨ ਨੇ ਇਸ ਨੂੰ ਰੋਕ ਕੇ ਧਰਮਕ ਨਫ਼ਰਤ ਅਤੇ ਰਾਜਨੀਤਿਕ ਵਿਭਾਜਨ ਦੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਕਦਮ “ਆਪਰੇਸ਼ਨ ਸਿੰਦੂਰ” ਤੋਂ ਬਾਅਦ ਪਾਕਿਸਤਾਨ ਵੱਲੋਂ ਚਲਾਈ ਜਾ ਰਹੀ ਹਿੰਦੂ–ਸਿੱਖ ਏਕਤਾ ਖ਼ਿਲਾਫ਼ ਨਵੀਂ ਸਾਜ਼ਿਸ਼ ਦਾ ਹਿੱਸਾ ਦਿਖਾਈ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਕਿਸੇ ਇਕ ਕੌਮ ਜਾਂ ਧਰਮ ਦੇ ਨਹੀਂ, ਸਗੋਂ ਪੂਰੀ ਮਨੁੱਖਤਾ ਦੇ ਗੁਰੂ ਹਨ।
ਉਨ੍ਹਾਂ ਦੀ ਬਾਣੀ ਦਾ ਆਦਰਸ਼ “ਮਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਇਹ ਸਪਸ਼ਟ ਕਰਦਾ ਹੈ ਕਿ ਕਿਸੇ ਵੀ ਕਿਸਮ ਦਾ ਧਾਰਮਿਕ ਵਿਤਕਰਾ ਗੁਰਮਤ, ਇਨਸਾਨੀਅਤ ਤੇ ਨਾਨਕੀ ਮਰਿਆਦਾ ਦਾ ਅਪਮਾਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਹਿੰਦੂ ਸ਼ਰਧਾਲੂ ਵੀ ਗੁਰੂ ਨਾਨਕ ਸਾਹਿਬ ਪ੍ਰਤੀ ਉਹੀ ਸ਼ਰਧਾ ਤੇ ਸਤਿਕਾਰ ਰੱਖਦੇ ਹਨ, ਜੋ ਸਿੱਖ ਭਾਈਚਾਰਾ ਰੱਖਦਾ ਹੈ। ਪਾਕਿਸਤਾਨ ਦੀਆਂ ਇਹਨਾਂ ਸਾਜ਼ਿਸ਼ਾਂ ਨਾਲ ਸਿੱਖ–ਹਿੰਦੂ ਭਰਾਤਰੀਕ ਸਾਂਝ ਨੂੰ ਕਦੇ ਤੋੜਿਆ ਨਹੀਂ ਜਾ ਸਕੇਗਾ।
ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਇਸ ਧਾਰਮਿਕ ਅਸਹਿਣਸ਼ੀਲਤਾ ਦੇ ਮਾਮਲੇ ਦਾ ਗੰਭੀਰ ਨੋਟ ਲੈ ਕੇ ਪਾਕਿਸਤਾਨ ’ਤੇ ਕੂਟਨੀਤਿਕ ਪੱਧਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅਜਿਹੇ ਵਿਤਕਰੇ ਕਰਤਾਰਪੁਰ ਲਾਂਘੇ ਜਾਂ ਹੋਰ ਸਿੱਖ ਤੀਰਥ ਯਾਤਰਾਵਾਂ ਦੌਰਾਨ ਦੁਹਰਾਏ ਗਏ, ਤਾਂ ਇਹ ਪਾਕਿਸਤਾਨ ਦੀ ਧਾਰਮਿਕ ਤੰਗਦਿਲੀ ਅਤੇ ਘ੍ਰਿਣਾ-ਪ੍ਰੇਰਿਤ ਨੀਤੀ ਦਾ ਸਪਸ਼ਟ ਪ੍ਰਮਾਣ ਹੋਵੇਗਾ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਰੋਕਣਾ ਸਿਰਫ ਹਿੰਦੂਆਂ ਨਾਲ ਵਿਤਕਰਾ ਨਹੀਂ, ਸਗੋਂ ਸਿੱਖ ਧਰਮ ਦੇ ਅਸੂਲਾਂ, ਗੁਰੂ ਨਾਨਕੀ ਮਰਿਆਦਾ ਅਤੇ ਮਨੁੱਖੀ ਏਕਤਾ ਦੀ ਆਤਮਾ ਦਾ ਵੀ ਅਪਮਾਨ ਹੈ।

LEAVE A REPLY

Please enter your comment!
Please enter your name here