ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਸੰਗਤਪੁਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਮਿੱਟੀ ਪਰਖ ਕਰਵਾਕੇ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ ਸਬੰਧੀ ਦਿੱਤੀ ਜਾਣਕਾਰੀ

0
15
ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਸੰਗਤਪੁਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਮਿੱਟੀ ਪਰਖ ਕਰਵਾਕੇ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ ਸਬੰਧੀ ਦਿੱਤੀ ਜਾਣਕਾਰੀ

ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਸੰਗਤਪੁਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ
ਮਿੱਟੀ ਪਰਖ ਕਰਵਾਕੇ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ ਸਬੰਧੀ ਦਿੱਤੀ ਜਾਣਕਾਰੀ
ਦਲਜੀਤ ਕੌਰ
ਲਹਿਰਾਗਾਗਾ, 03 ਅਪ੍ਰੈਲ, 2026: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ, ਮਿੱਟੀ ਪਰਖ ਕਰਵਾਕੇ ਖਾਦਾਂ ਪਾਉਣ ਅਤੇ ਪਾਣੀ ਬਚਾਉਣ ਸਬੰਧੀ ਪਿੰਡ ਸੰਗਤਪੁਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।
ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਸਿਫਾਰਸ਼ ਕਿਸਮਾਂ ਜਿਵੇਂ ਕਿ ਪੀ ਆਰ 131, ਪੀ ਆਰ 132, ਪੀ ਆਰ 126 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਨਵੀਂ ਕਿਸਮ ਪੀ ਆਰ 133 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਪੀ ਆਰ 131 ਤੋਂ ਲਗਭਗ 6 ਪ੍ਰਤੀਸ਼ਤ ਵੱਧ ਝਾੜ ਦਿੰਦੀ ਹੈ।
ਬਾਸਮਤੀ ਵਿੱਚ ਪੂਸਾ ਬਾਸਮਤੀ 1509 ਅਤੇ ਪੰਜਾਬ ਬਾਸਮਤੀ 7 ਵਿੱਚ ਖਾਦਾਂ ਦੀ ਲੋੜ ਅਤੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਡਾ. ਅਸ਼ੋਕ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ‘ਤੇ ਹੀ ਖਾਦਾਂ ਪਾਉਣ ਲਈ ਪ੍ਰੇਰਦੇ ਹੋਏ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਘਟਣਗੇ ਉੱਥੇ ਝਾੜ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਮੌਕੇ ਤੇ ਮਿੱਟੀ ਪਰਖ ਕਰਾਉਣ ਲਈ ਨਮੂਨਾ ਲੈਣ ਦੇ ਢੰਗ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਕਿਸਾਨਾਂ ਨੂੰ ਯੂਰੀਆ ਖਾਦ ਦੀ ਸੰਜਮ ਨਾਲ ਵਰਤੋਂ ਅਤੇ ਕਈ ਥੈਲੇ ਇੱਕੋ ਸਮੇਂ ਤੇ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਵੀਰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਪੂਰੀ ਮਾਤਰਾ ਹੀ ਪਾਉਣ। ਜੈਵਿਕ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਝੋਨੇ ਦੀ ਪੌਦ ਲਈ ਐਜ਼ੋਸਪਾਇਰਲਮ ਦੀ ਵਰਤੋਂ ਜਿੱਥੇ ਝਾੜ ਵਧਾਉਣ ਵਿੱਚ ਸਹਾਈ ਹੁੰਦਾ ਹੈ ਉੱਥੇ ਜ਼ਮੀਨ ਦੀ ਜੈਵਿਕ ਸਿਹਤ ਨੂੰ ਵੀ ਸੁਧਾਰਦਾ ਹੈ।
ਡਾ. ਅਸ਼ੋਕ ਨੇ ਕਿਸਾਨਾਂ ਨੂੰ ਪਸ਼ੂਆਂ ਦੀ ਸਿਹਤ ਸੁਧਾਰ ਸਬੰਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਆਦਿ ਦੀ ਵਰਤੋਂ ਕਰਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਦੁੱਧ ਦੀ ਪੈਦਾਵਾਰ ਵੀ ਵਧਾ ਸਕਦੇ ਹਨ।
ਇਸ ਮੌਕੇ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹਰਿਆਊ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਮਸ਼ੀਨਰੀ, ਜਿਪਸਮ ਅਤੇ ਮੂੰਗੀ ਦੇ ਬੀਜ ਦੀ ਉਪਲਬਧਤਾ ਬਾਰੇ ਦੱਸਿਆ।
ਪਿੰਡ ਦੇ ਅਗਾਂਹਵਧੂ ਕਿਸਾਨ ਸ. ਸੁਖਤਾਰ ਸਿੰਘ, ਸ. ਗੁਰਵਿੰਦਰ ਸਿੰਘ, ਸ. ਪਰਗਟ ਸਿੰਘ, ਸ. ਗੋਬਿੰਦਰ ਸਿੰਘ, ਸਾਬਕਾ ਸਰਪੰਚ ਸ. ਸੁਖਚੰਦ ਸਿੰਘ, ਸਾਬਕਾ ਸਰਪੰਚ ਸ. ਅਮਰਜੀਤ ਸਿੰਘ ਅਤੇ ਹੋਰ ਕਿਸਾਨ ਵੀਰਾਂ ਨੇ ਕੈਂਪ ਲਾਉਣ ਲਈ ਪੂਰਾ ਯੋਗਦਾਨ ਪਾਇਆ। ਕੈਂਪ ਦੇ ਅੰਤ ਵਿੱਚ ਕਿਸਾਨ ਵੀਰਾਂ ਲਈ ਪੀ.ਏ.ਯੂ. ਲੁਧਿਆਣਾ ਵਲੋਂ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ, ਧਾਤਾਂ ਦਾ ਚੂਰਾ, ਪਸ਼ੂ ਚਾਟ ਦੀ ਵਿੱਕਰੀ ਵੀ ਕੀਤੀ ਗਈ।
ਕਿਸਾਨਾਂ ਦੁਆਰਾ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਾਖੂਬੀ ਦਿੱਤੇ ਗਏ। ਫਾਰਮ ਸਲਾਹਕਾਰ ਸੰਗਰੂਰ ਦੀ ਟੀਮ ਨੇ ਸ. ਮਹਿੰਦਰ ਸਿੰਘ ਦੇ ਖੇਤ ਵਿੱਚ ਸਰਫੇਸ ਸੀਡਰ ਮਸ਼ੀਨ ਨਾਲ ਬੀਜੀ ਕਣਕ ਦਾ ਦੌਰਾ ਵੀ ਕੀਤਾ।

LEAVE A REPLY

Please enter your comment!
Please enter your name here