ਮਹਾਰਾਸ਼ਟਰ ਸਰਕਾਰ ਵੱਲੋਂ “ਹਿੰਦ ਕੀ ਚਾਦਰ” ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਲਈ ₹94.35 ਕਰੋੜ ਦੀ ਰਕਮ ਮਨਜ਼ੂਰ।
ਸ਼ਹੀਦੀ ਸਮਾਗਮਾਂ ਲਈ ਵੱਡੀ ਰਕਮ ਗੁਰੂ ਸਾਹਿਬ ਤੇ ਸਿੱਖ ਇਤਿਹਾਸ ਪ੍ਰਤੀ ਸ਼ਰਧਾ ਦਾ ਪ੍ਰਤੀਕ — ਜਸਪਾਲ ਸਿੰਘ ਸਿੱਧੂ
ਅੰਮ੍ਰਿਤਸਰ / ਮੁੰਬਈ, 4 ਨਵੰਬਰ —
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵਿੰਦਰ ਫਡਣਵੀਸ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਵਿੱਚ ਮਹੱਤਵਪੂਰਨ ਫ਼ੈਸਲਾ ਲੈਂਦਿਆਂ “ਹਿੰਦ ਕੀ ਚਾਦਰ” ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਹੋਣ ਵਾਲੇ ਸਮਾਗਮਾਂ ਲਈ ₹94 ਕਰੋੜ 35 ਲੱਖ 64 ਹਜ਼ਾਰ ਦੀ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਸ. ਜਸਪਾਲ ਸਿੰਘ ਸਿੱਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਦੇ ਇਸ ਫ਼ੈਸਲੇ ਅਨੁਸਾਰ ਇਹ ਰਕਮ ਘੱਟ ਗਿਣਤੀ ਵਿਕਾਸ ਵਿਭਾਗ ਵੱਲੋਂ ਨਾਂਦੇੜ, ਨਾਗਪੁਰ, ਰਾਏਗੜ੍ਹ ਅਤੇ ਹੋਰ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਵਿਸ਼ਾਲ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਲਈ ਵਰਤੀ ਜਾਵੇਗੀ।
ਉਹਨਾਂ ਕਿਹਾ ਕਿ ਇਹ ਸਮਾਗਮ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣਗੇ, ਤਾਂ ਜੋ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਅਦਭੁਤ ਬਲੀਦਾਨ, ਸ਼ਾਂਤੀ, ਧਰਮ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ।
ਸ. ਸਿੱਧੂ ਨੇ ਕਿਹਾ ਕਿ ਇਹ ਫ਼ੈਸਲਾ ਸਿੱਖ ਕੌਮ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪ੍ਰਤੀ ਮਹਾਰਾਸ਼ਟਰ ਦੀ ਫਡਣਵੀਸ ਸਰਕਾਰ ਦੀ ਸਨਮਾਨ ਭਾਵਨਾ ਅਤੇ ਸ਼ਰਧਾ ਦਾ ਪ੍ਰਗਟਾਵਾ ਹੈ।ਉਹਨਾਂ ਕਿਹਾ ਕਿ “ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਜਦੋਂ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ, ਉਹ ਸਿਰਫ਼ ਸਿੱਖ ਪੰਥ ਲਈ ਨਹੀਂ, ਭਾਰਤੀ ਤੇ ਸਾਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਬਣੇ। ਮਹਾਰਾਸ਼ਟਰ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਇੰਨੀ ਵੱਡੀ ਰਕਮ ਜਾਰੀ ਕਰਨਾ ਗੁਰੂ ਸਾਹਿਬ ਦੇ ਪਰਉਪਕਾਰ ਅਤੇ ਉਪਦੇਸ਼ਾਂ ਦੀ ਯਾਦ ਨੂੰ ਜੀਵੰਤ ਰੱਖਣ ਦਾ ਸ੍ਰੇਸ਼ਠ ਯਤਨ ਹੈ।” ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਸ਼ਰਧਾ ਪੂਰਵਕ ਅਤੇ ਪਹਿਲ ਦੇ ਅਧਾਰ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਮਨਾਇਆ ਜਾਣਾ ਇੰਨੀ ਵੱਡੀ ਸਿੱਖ ਇਤਿਹਾਸ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਰਤੀ ਅਧਿਆਤਮਿਕਤਾ ਪ੍ਰਤੀ ਡੂੰਘੀ ਸ਼ਰਧਾ ਦਾ ਪ੍ਰਤੀਕ ਹੈ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ (ਮੁਖੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੋ ਸਰਚਾਂਦ ਸਿੰਘ ਖਿਆਲਾ, ਸਿੱਖ ਤਾਲਮੇਲ ਕਮੇਟੀ ਦੇ ਆਗੂ ਜਸਪਾਲ ਸਿੰਘ ਸਿੱਧੂ, ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਪੀ ਸਿੰਘ ਨੇ ਵੀ ਮਹਾਰਾਸ਼ਟਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਰਾਜ ਪੱਧਰ ’ਤੇ ਮਨਾਉਣ ਲਈ ₹94.35 ਕਰੋੜ ਦੀ ਰਕਮ ਜਾਰੀ ਕਰਕੇ ਸਿੱਖ ਕੌਮ ਨਾਲ ਆਪਣੀ ਸ਼ਰਧਾ ਅਤੇ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ “ਮਹਾਰਾਸ਼ਟਰ ਸਰਕਾਰ, ਮਾਣਯੋਗ ਮੁੱਖ ਮੰਤਰੀ ਸ਼੍ਰੀ ਫਡਣਵੀਸ ਜੀ ਅਤੇ ਘੱਟ ਗਿਣਤੀ ਵਿਕਾਸ ਵਿਭਾਗ ਦਾ ਸਿੱਖ ਪੰਥ ਤਹਿ ਦਿਲੋਂ ਆਭਾਰੀ ਹੈ ਕਿ ਉਹਨਾਂ ਨੇ ‘ਹਿੰਦ ਕੀ ਚਾਦਰ’ ਦੀ ਸ਼ਹੀਦੀ ਯਾਦ ਨੂੰ ਸਰਕਾਰੀ ਪੱਧਰ ’ਤੇ ਮਨਾਉਣ ਦਾ ਇਹ ਇਤਿਹਾਸਕ ਫ਼ੈਸਲਾ ਲਿਆ ਹੈ। ਇਹ ਸਿੱਖ ਇਤਿਹਾਸ ਦੇ ਸਨਮਾਨ ਅਤੇ ਰਾਸ਼ਟਰੀ ਏਕਤਾ ਵੱਲ ਵੱਡਾ ਕਦਮ ਹੈ।”
ਸਿੱਧੂ ਨੇ ਇਹ ਵੀ ਦੱਸਿਆ ਕਿ ਇਸ ਮੀਟਿੰਗ ਵਿੱਚ ਕੈਬਨਿਟ ਨੇ ਤਿੰਨ ਹੋਰ ਅਹਿਮ ਆਰਥਿਕ ਨਿਗਮਾਂ ਦੀਆਂ ਯੋਜਨਾਵਾਂ ਜਿਨ੍ਹਾਂ ਵਿੱਚ ਆਰਥਿਕ ਵਿਕਾਸ ਨਿਗਮ, ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਆਰਥਿਕ ਵਿਕਾਸ ਨਿਗਮ ਅਤੇ ਸ਼੍ਰੀ ਵਾਸਵੀ ਕੰਨਿਆਕ ਆਰਥਿਕ ਵਿਕਾਸ ਨਿਗਮ ਪ੍ਰਵਾਨਗੀ ਦੇ ਦਿੱਤੀ।







