08/03/26 ਦਿਨ ਐਤਵਾਰ ਨੂੰ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ‘ਅੱਖਰ ਬੋਲਦੇ ਹਨ’ ਲਾਈਵ ਪ੍ਰੋਗਰਾਮ ਤਹਿਤ ਸਰਬਜੀਤ ਸਿੰਘ ਜਰਮਨੀ ਦੇ ਨਵੇਂ ਕਹਾਣੀ ਸੰਗ੍ਰਹਿ ‘ਇਮਾਨ ਅਜੇ ਜਿਉਂਦੈ’ ਉੱਤੇ ਕਈ ਉੱਘੇ ਵਿਦਵਾਨਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਵਲੋਂ ਆਏ ਸਾਰੇ ਵਿਦਵਾਨਾਂ ਨੂੰ ਜੀ ਆਇਆਂ ਆਖਿਆ ਤੇ ਕਹਾਣੀ ਸੰਗ੍ਰਹਿ ਬਾਰੇ ਦੱਸਿਆ ਕਿ ਸਰਬਜੀਤ ਸਿੰਘ ਜਰਮਨੀ ਦੀ ਇਹ ਚੌਥੀ ਕਿਤਾਬ ਹੈ ਤੇ ਦੂਜਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਹਰ ਕਹਾਣੀ ਵੱਖ ਵੱਖ ਵਿਸ਼ਿਆਂ ਨੂੰ ਛੋਹਿਆ ਹੈ ਤੇ ਸਮਾਜ ਨੂੰ ਸੋਹਣਾ ਸੁਨੇਹਾ ਵੀ ਦਿੰਦੀਆਂ ਹਨ। ਕਹਾਣੀ ਸੰਗ੍ਰਹਿ ਦੇ ਖਾਸ ਵਿਸ਼ੇ ਮਾਂ ਬੋਲੀ ਪੰਜਾਬੀ, ਵਾਤਾਵਰਨ, ਪੰਜਾਬੀ ਸੱਭਿਆਚਾਰ ਤੇ ਵਿਰਸਾ, ਨਵੀਆਂ ਰੀਤਾਂ ਪਿੱਛੇ ਦੌੜਦੇ ਪੰਜਾਬੀ, ਔਰਤਾਂ, ਰਿਸ਼ਤਿਆਂ ਵਿਚਲਾ ਆਪਸੀ ਪਿਆਰ ਆਦਿ। ਉਸ ਤੋਂ ਬਾਅਦ ਉਹਨਾਂ ਮੰਚ ਸੰਚਾਲਕ ਲਈ ਕਰਮਜੀਤ ਕੌਰ ਰਾਣਾ, ਇਟਲੀ ਨੂੰ ਸੱਦਾ ਦਿੱਤਾ।
ਕਰਮਜੀਤ ਜੀ ਨੇ ਪਹਿਲਾਂ ਸਰਬਜੀਤ ਦੀਆਂ ਪਹਿਲੀਆਂ ਛਪ ਚੁੱਕੀਆਂ ਤਿੰਨ ਕਿਤਾਬਾਂ ‘ਹੱਡ ਬੀਤੀਆਂ ਜੱਗ ਬੀਤੀਆਂ’, ‘ਅਮੀਰ ਪੰਜਾਬੀ ਵਿਰਸਾ’, ‘ਤੂੰ ਹੀ ਤੂੰ, ਬਾਰੇ ਦੱਸਿਆ ਤੇ ਫੇਰ ਪਹਿਲਾਂ ਸੱਦਾ ਪ੍ਰਿੰਸੀਪਲ ਹਰਸ਼ਰਨ ਕੌਰ ਜੀ, ਕਨੇਡਾ ਨੂੰ ਦਿੱਤਾ। ਉਹਨਾਂ ਨੇ ਕਿਤਾਬ ਦੇ ਮੁੱਖ ਬੰਦ ਦੇ ਨਾਲ ਨਾਲ ਆਪਣੇ ਹਿੱਸੇ ਆਈਆਂ ਕਹਾਣੀਆਂ ਚਪੇੜਾਂ, ਬੇਬੀ ਸ਼ਾਵਰ, ਬੇਅੰਤ ਕੌਰ, ਲਾਂਬੂ ਉੱਤੇ ਆਪਣੇ ਕੀਮਤੀ ਵਿਚਾਰ ਦਿੱਤੇ ਤੇ ਸਰਬਜੀਤ ਨੂੰ ਅੱਗੇ ਹੋਰ ਕਹਾਣੀਆਂ ਲਿਖਣ ਸਮੇਂ ਕੁਝ ਜਰੂਰੀ ਹਦਾਇਤਾਂ ਵੀ ਦਿੱਤੀਆਂ।
ਉਸ ਤੋਂ ਬਾਅਦ ਵਿੱਚ ਸਟੇਟ ਅਵਾਰਡੀ ਪ੍ਰਿੰਸੀਪਲ ਲਖਵੀਰ ਸਿੰਘ ਜੀ ਨੇ ਆਪਣੇ ਹਿੱਸੇ ਆਈਆਂ ਕਹਾਣੀਆਂ ਮਿਹਨਤ, ਈਮਾਨ ਅਜੇ ਜਿਉਂਦੈ, ਏ ਸੀ ਦਾ ਬਿੱਲ, ਡਾਕਟਰ ਦੀ ਪੋਤਰੀ, ਬੀਬੀ ਪ੍ਰੀਤੋ, ਕੁਦਰਤ ਦਾ ਨਿਆਂ ਬਾਰੇ ਚਾਨਣਾ ਪਾਇਆ ਤੇ ਕਹਾਣੀ ਸੰਗ੍ਰਹਿ ਵਿੱਚ ਵਰਤੇ ਗਏ ਪੁਰਾਤਨ ਸ਼ਬਦ ‘ਦਦਿਅਹੁਰਾ’ ਦੀ ਵਰਤੋਂ ਲਈ ਸਲਾਹਿਆ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇੱਕ ਕਹਾਣੀ ਵਿੱਚ ਲੇਖਿਕਾ ਨੇ ਸ੍ਰੀ ਕ੍ਰਿਸ਼ਨ ਕੁਮਾਰ ਜੀ( ਡੀ ਸੀ ਸਾਹਿਬ ਨਵਾਂ ਸ਼ਹਿਰ) ਦਾ ਜ਼ਿਕਰ ਕੀਤਾ ਹੈ ਉਹ ਪ੍ਰਿੰਸੀਪਲ ਸਾਹਿਬ ਦੇ ਬਹੁਤ ਨਜ਼ਦੀਕੀ ਰਹਿ ਚੁੱਕੇ ਹਨ। ਨਾਲ ਹੀ ਕਿਹਾ ਕਿ ਕਿਤੇ ਨਾ ਕਿਤੇ ਮੈਨੂੰ ਲੇਖਿਕਾ ਮਰਦ ਨੂੰ ਖਲਨਾਇਕ ਸਮਝ ਰਹੀ ਜਾਪਦੀ ਲੱਗਦੀ ਸੀ ਪਰ ਕੁਝ ਕਹਾਣੀਆਂ ਵਿੱਚ ਮਰਦ ਨੂੰ ਨਾਇਕ ਵੀ ਦਿਖਾਇਆ ਗਿਆ ਹੈ।
ਉਸ ਤੋਂ ਬਾਅਦ ਵਿੱਚ ਕਰਮਜੀਤ ਜੀ ਨੇ ਭੈਣ ਪੋਲੀ ਬਰਾੜ, ਅਮਰੀਕਾ ਨੂੰ ਸੱਦਾ ਦਿੱਤਾ। ਪੋਲੀ ਭੈਣ ਜੀ ਨੇ ਆਪਣੇ ਹਿੱਸੇ ਆਈਆਂ ਕਹਾਣੀਆਂ ਧੀਆਂ, ਮਿੰਦੋ ਸੁਆਣੀ, ਬਿਰਧ ਆਸ਼ਰਮ, ਵਤਨੋਂ, ਪੱਪੂ ਹਲਵਾਈ ਦੇ ਲੱਡੂ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਤੇ ਸਰਬਜੀਤ ਨੂੰ ਅੱਜ ਦੀਆਂ ਕੁਰਾਹੇ ਪਈਆਂ ਔਰਤਾਂ ਬਾਰੇ ਵੀ ਕਹਾਣੀ ਲਿਖਣ ਤੇ ਸਮਾਜ ਨੂੰ ਜਾਗਰੂਕ ਕਰਨ ਲਈ ਸੁਝਾਅ ਦਿੱਤਾ, ਨਾਲ ਹੀ ਉਹਨਾਂ ਕਿਹਾ ਕਿ ਠੇਠ ਪੰਜਾਬੀ ਵਿੱਚ ਪਾਤਰਾਂ ਦੇ ਆਪਸੀ ਵਾਰਤਾਲਾਪ ਉਹਨਾਂ ਨੂੰ ਬਹੁਤ ਜਿਆਦਾ ਵਧੀਆ ਲੱਗੇ ਹਨ।
ਸਭ ਤੋਂ ਅਖੀਰ ਵਿੱਚ ਕਰਮਜੀਤ ਜੀ ਨੇ ਬਲਰਾਜ ਸਿੰਘ ਬਰਾੜ ਜੀ, ਪੰਜਾਬ ਨੂੰ ਆਪਣੇ ਕੀਮਤੀ ਵਿਚਾਰ ਦੇਣ ਲਈ ਸੱਦਾ ਦਿੱਤਾ। ਬਲਰਾਜ ਜੀ ਨੇ ਆਪਣੇ ਹਿੱਸੇ ਆਈਆਂ ਕਹਾਣੀਆਂ ਫੌਜੀ ਦਾ ਆਉਣਾ, ਲੋਹੜੀ, ਪਾਪੀ ਲੰਬੜਦਾਰ, ਮਾਂ ਬੋਲੀ ਪੰਜਾਬੀ, ਵਿਦਵਾਨ ਦਾ ਜਨਮ ਦਿਨ, ਨਣਾਨ ਭਰਜਾਈ ਤੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਕਹਾਣੀਆਂ ਵਿੱਚ ਲੇਖਿਕਾ ਆਪਣੇ ਵਤਨ, ਵਿਰਸੇ, ਸੱਭਿਆਚਾਰ ਤੇ ਮਾਂ ਬੋਲੀ ਨਾਲ ਡੂੰਘਾਈ ਤੋਂ ਜੁੜੀ ਜਾਪਦੀ ਹੈ। ਨਾਲ ਹੀ ਉਹਨਾਂ ਕੁਝ ਸ਼ਿਕਵਾ ਵੀ ਕੀਤਾ ਕਿ ਲੇਖਿਕਾ ਨੇ ਕਹਾਣੀਆਂ ਵਿੱਚ ਕੁਝ ਲੋਕਾਂ ਦੀ ਮਸ਼ਹੂਰੀ ਵੀ ਕੀਤੀ ਹੋਈ ਹੈ ਜੋ ਕਹਾਣੀਆਂ ਦਾ ਹਿੱਸਾ ਨਹੀਂ ਜਾਪਦੀਆਂ।
ਪ੍ਰੋਗਰਾਮ ਦੇ ਆਖ਼ਰੀ ਪੜਾਅ ਤੇ ਸਰਬਜੀਤ ਸਿੰਘ ਜਰਮਨੀ ਨੇ ਸਾਰੇ ਵਿਦਵਾਨ ਭੈਣਾਂ ਤੇ ਵੀਰਾਂ, ਮੰਚ ਸੰਚਾਲਕ ਕਰਮਜੀਤ ਰਾਣਾ, ਮੰਚ ਪ੍ਰਧਾਨ ਬਿੰਦਰ ਕੋਲੀਆ ਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਸਤਿਕਾਰ ਸਹਿਤ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਲਿਖਣ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਿਸੇ ਸਾਥੀ ਲੇਖਕ ਦੀ ਲਿਖਤ ਪੜ੍ਹ ਕੇ ਆਪਣੇ ਵਿਚਾਰ ਦੇਣੇ, ਚਾਹੇ ਚੰਗੇ ਹੋਣ ਜਾਂ ਮਾੜੇ। ਸਰਬਜੀਤ ਨੇ ਸਭ ਦੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਸਾਰੇ ਵਿਚਾਰ ਲਿਖ ਲਏ ਗਏ ਹਨ ਤੇ ਅਗਲੀਆਂ ਲਿਖਤਾਂ ਵਿੱਚ ਜ਼ਰੂਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗੀ।
ਅਖੀਰ ਮੰਚ ਪ੍ਰਧਾਨ ਬਿੰਦਰ ਕੋਲੀਆ ਵਾਲ ਜੀ ਨੇ ਮੰਚ ਤੇ ਸ਼ਾਮਲ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ ਤੇ ਸਰੋਤਿਆਂ ਦੀਆਂ ਹੌਂਸਲਾ ਅਫਜਾਈ ਲਈ ਕੀਤੀਆਂ ਟਿੱਪਣੀਆਂ ਪੜ੍ਹ ਕੇ ਸੁਣਾਈਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਸਰਬਜੀਤ ਸਿੰਘ ਜਰਮਨੀ







