ਲਾਈਵ ਕਹਾਣੀ ਦਰਬਾਰ
ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ ਵੱਲੋਂ ਮਿਤੀ 09/11/25 ਦਿਨ ਐਤਵਾਰ ਨੂੰ ਲਾਈਵ ਕਹਾਣੀ ਦਰਬਾਰ ਪ੍ਰੋਗਰਾਮ “ਹੱਡ ਬੀਤੀਆਂ ਜੱਗ ਬੀਤੀਆਂ” ਨਾਮ ਹੇਠ ਕਰਵਾਇਆ ਗਿਆ। ਇਸ ਕਹਾਣੀ ਦਰਬਾਰ ਵਿੱਚ ਦੁਨੀਆਂ ਭਰ ਤੋਂ ਦਸ ਕਹਾਣੀਕਾਰਾਂ ਨੇ ਹਿੱਸਾ ਲਿਆ।
ਹਰ ਇੱਕ ਕਹਾਣੀਕਾਰ ਨੇ ਆਪਣੀ ਹੱਥ ਲਿਖਤ ਕਹਾਣੀ ਵਿੱਚ ਵੱਖ ਵੱਖ ਵਿਸ਼ਿਆਂ ਨੂੰ ਛੂਹਿਆ। ਸਮਾਜ ਵਿੱਚ ਧੀਆਂ ਨਾਲ ਹੁੰਦਾ ਧੱਕਾ, ਔਰਤ ਦੇ ਹੱਕ ਦੀ ਗੱਲ, ਪਰਦੇਸਾਂ ਦੇ ਦੁੱਖ, ਵੰਡ ਦਾ ਦਰਦ, ਗੁਰੂ ਨਗਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤੜਫ, ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਦੀ ਹਾਲਤ ਆਦਿ ਖਾਸ ਰਹੇ।
ਪ੍ਰੋਗਰਾਮ “ਹੱਡ ਬੀਤੀਆਂ ਜੱਗ ਬੀਤੀਆਂ” ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਬਿੰਦਰ ਜੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਜਰਮਨੀ ਨੂੰ ਸੌਂਪਦਿਆਂ ਆਖਿਆ ਕਿ ਉਹ ਆਪਣੀ ਪ੍ਰੋਗਰਾਮ ਲਈ ਬਣਾਈ ਰੂਪ ਰੇਖਾ ਅਨੁਸਾਰ ਕਹਾਣੀ ਦਰਬਾਰ ਨੂੰ ਅੱਗੇ ਵਧਾਉਣ।
ਸਰਬਜੀਤ ਸਿੰਘ ਨੇ ਵੀ ਜਗਤ ਬਾਬੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਤੇ ਫੇਰ ਸਭ ਤੋਂ ਪਹਿਲਾ ਸੱਦਾ ਦੀਪ ਅਮਨ ਜੱਖੀ, ਗਰੀਸ ਨੂੰ ਦਿੰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਦੀਪ ਅਮਨ ਜੱਖੂ ਨੇ ਹਮੇਸ਼ਾ ਦੀ ਤਰ੍ਹਾਂ ਹੂੰ-ਬ-ਹੂੰ ਪਾਤਰ, ਸਥਾਨ ਤੇ ਬਿੰਬ ਵਾਲੇ ਵਾਰਤਾਲਾਪ ਨਾਲ ਕਹਾਣੀ “ਬਬਾਣ” ਸੁਣਾਈ ਤੇ ਬਹੁਤ ਹੀ ਵਧੀਆ ਸ਼ੁਭ ਅਰੰਭ ਕਰਕੇ ਸਭ ਦਾ ਮਨ ਮੋਹ ਲਿਆ।
ਸਰਬਜੀਤ ਨੇ ਗ੍ਰੀਸ ਤੋਂ ਪੰਜਾਬ ਨੂੰ ਉਡਾਰੀ ਮਾਰੀ ਤੇ ਅਗਲਾ ਸੱਦਾ ਸਰਦੂਲ ਸਿੰਘ ਭੱਲਾ, ਪਟਿਆਲਾ ਜੀ ਨੂੰ ਦਿੱਤਾ ਗਿਆ। ਉਹਨਾਂ ਨੇ ਪੰਜਾਬ ਵਿੱਚ ਵੱਧ ਚੁੱਕੇ ਨਸ਼ਿਆਂ ਉੱਤੇ ਦੁੱਖ ਪ੍ਰਗਟਾਉਂਦਿਆਂ ਕਹਾਣੀ “ਕਬਾੜ” ਸੁਣਾਈ ਜਿਸ ਨੇ ਮੰਚ ਤੇ ਸਾਰੇ ਕਹਾਣੀਕਾਰਾਂ ਨੂੰ ਪੰਜਾਬ ਦੀ ਜਵਾਨੀ ਬਚਾਉਣ ਲਈ ਸੋਚਣ ਲਈ ਮਜ਼ਬੂਰ ਕਰ ਦਿੱਤਾ।
ਸਰਬਜੀਤ ਨੇ ਅਗਲੇ ਕਹਾਣੀਕਾਰ ਨੂੰ ਸੱਦਾ ਦੇਣ ਲਈ ਪੰਜਾਬ ਤੋਂ ਲੰਬੀ ਉਡਾਣ ਭਰੀ ਤੇ ਭੈਣ ਪੋਲੀ ਬਰਾੜ ਜੀ ਕੋਲ ਅਮਰੀਕਾ ਜਾ ਪਹੁੰਚੀ। ਭੈਣ ਪੋਲੀ ਬਰਾੜ ਜੀ ਨੇ ਆਪਣੀ ਹੱਡ ਬੀਤੀ “ਬੀਬੀ ਰਜਨੀ,ਮੇਰੇ ਬੀਜੀ” ਕਹਾਣੀ ਵਿੱਚ ਇੱਕ ਸੂਝਵਾਨ ਔਰਤ ਦੇ ਸਬਰ ਸੰਤੋਖ ਦੀ ਗੱਲ ਕੀਤੀ।
ਮੁੜ ਯੂਰਪ ਪਰਤ ਕੇ ਸਰਬਜੀਤ ਨੇ ਅਗਲਾ ਸੱਦਾ ਕਰਮਜੀਤ ਕੌਰ ਰਾਣਾ, ਇਟਲੀ ਜੀ ਨੂੰ ਦਿੱਤਾ ਤੇ ਉਹਨਾਂ ਨੇ ਕਹਾਣੀ “ਵਫ਼ਾਦਾਰੀ” ਵਿੱਚ ਵਫ਼ਾਦਾਰੀ ਦਾ ਬਹੁਤ ਵੱਡਾ ਸ਼ੰਦੇਸ ਦਿੱਤਾ। ਕਹਾਣੀ ਦਰਬਾਰ ਨੂੰ ਅੱਗੇ ਵਧਾਉਂਦਿਆਂ ਸਰਬਜੀਤ ਨੇ ਅਗਲਾ ਸੱਦਾ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤ ਗੁਰਮੀਤ ਸਿੰਘ ਮੱਲ੍ਹੀ, ਇਟਲੀ ਜੀ ਨੂੰ ਦਿੱਤਾ। ਮੱਲ੍ਹੀ ਜੀ ਨੇ ਆਪਣੇ ਵਤਨਾਂ ਤੋਂ ਦੂਰ ਬੈਠੇ ਪ੍ਰਦੇਸੀਆਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੀ ਕਹਾਣੀ “ਪ੍ਰਦੇਸੀ ਦਾ ਦਰਦ” ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਅਗਲਾ ਸੱਦਾ ਡਾ.ਅੰਮ੍ਰਿਤਪਾਲ ਕੌਰ ਸੰਧੂ, ਫਿਰੋਜ਼ਪੁਰ ਜੀ ਨੂੰ ਦਿੱਤਾ ਗਿਆ। ਉਹਨਾਂ ਨੇ ਆਪਣੀ ਕਹਾਣੀ “ਦਾਇਰੇ ਤੋਂ ਪਾਰ” ਵਿੱਚ ਜਨਮ ਤੋਂ ਲੈ ਕੇ ਵਿਆਹ , ਵਿਆਹ ਤੋਂ ਮਾਂ ਦੇ ਹੱਕਾਂ ਖਾਤਰ ਲੜਾਈ ਲੜਨ ਵਾਲੀ ਇੱਕ ਦੁੱਖੀ ਔਰਤ ਦੇ ਜੀਵਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਬਹੁਤ ਭਾਵੁਕਤਾ ਨਾਲ ਪੇਸ਼ ਕੀਤਾ।
ਸਰਬਜੀਤ ਸਿੰਘ ਨੇ ਫਿਰ ਹਾਸਿਆਂ ਦੀ ਪਟਾਰੀ ਨਾਲ ਸੰਬੋਧਨ ਕਰਦਿਆਂ ਜਸਵਿੰਦਰ ਕੌਰ ਮਿੰਟੂ, ਇਟਲੀ ਜੀ ਨੂੰ ਸੱਦਾ ਦਿੱਤਾ। ਮਿੰਟੂ ਜੀ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰੇ ਜਿਹੇ ਲਹਿਜੇ ਵਿੱਚ ਕਹਾਣੀ “ਸਕੂਨ” ਨਾਲ ਸਭਨਾਂ ਦਾ ਮਨ ਮੋਹ ਲਿਆ। ਲਾਈਵ ਕਹਾਣੀ ਦਰਬਾਰ ਵਿੱਚ ਸਰੋਤਿਆ ਦੀਆਂ ਹੌਸਲਾ ਵਧਾਉ ਟਿੱਪਣੀਆਂ ਪੜ੍ਹ ਕੇ ਮੰਚ ਤੇ ਸਰੋਤਿਆਂ ਦੀ ਹਾਜ਼ਰੀ ਵੀ ਲਗਵਾਈ ਗਈ।
ਸਰਬਜੀਤ ਵੱਲੋਂ ਅਗਲਾ ਸੱਦਾ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੂੰ ਦਿੱਤਾ ਗਿਆ। ਬਿੰਦਰ ਜੀ ਨੇ ਆਪਣੀ ਕਹਾਣੀ “ਇੱਕ ਵਾਰ ਫਿਰ ਦੂਰ ਹੋਏ” ਕਹਾਣੀ ਸੁਣਾ ਕੇ ਮੰਚ ਤੇ ਸ਼ਾਮਲ ਸਾਰੇ ਕਹਾਣੀਕਾਰਾਂ ਨੂੰ ਬਾਬੇ ਨਾਨਕ ਦੀ ਜਨਮ ਭੂਮੀ ਦੇ ਦਰਸ਼ਨ ਕਰਵਾ ਦਿੱਤੇ ਜਦੋਂ ਕਿ ਕਹਾਣੀ ਦਾ ਮੁੱਖ ਪਾਤਰ ਬਜ਼ੁਰਗ ਬਾਬਾ ਰਾਜਨੀਤਕ ਸਮੱਸਿਆਵਾਂ ਕਰਕੇ ਦਰਸ਼ਨ ਨਹੀਂ ਕਰ ਸਕਿਆ।
ਮੰਚ ਵਿੱਚ ਸ਼ਾਮਲ ਸਾਰੇ ਕਹਾਣੀਕਾਰਾਂ ਵੱਲੋਂ ਕਹਾਣੀ ਸੁਣਾਏ ਜਾਣ ਤੋਂ ਬਾਅਦ ਸਰਬਜੀਤ ਨੇ ਆਪਣੀ ਕਹਾਣੀ “ਮਿੰਦੋ ਸੁਆਣੀ” ਸੁਣਾਈ ਜਿਸ ਵਿੱਚ ਉਸ ਨੇ ਆਪਣੀ ਜਨਮ ਭੂਮੀ ਤੋਂ ਦੂਰ ਰਹਿਣ ਤੇ ਕਰਮ ਭੂਮੀ ਦੇ ਦਰਦ ਨੂੰ ਬਿਆਨ ਕੀਤਾ। ਲਾਈਵ ਕਹਾਣੀ ਦਰਬਾਰ ਦਾ ਅਨੰਦ ਮਾਣਨ ਲਈ ਪ੍ਰਿੰਸੀਪਲ ਲਖਬੀਰ ਸਿੰਘ, ਸੈਦਪੁਰ ਜੀ ਸ਼ੁਰੂ ਤੋਂ ਅਖੀਰ ਤੱਕ ਹਾਜ਼ਰ ਰਹੇ ਤੇ ਮੰਚ ਤੋਂ ਪ੍ਰੇਰਿਤ ਹੋ ਕੇ ਅਗਲੀ ਵਾਰ ਆਪਣੀ ਲਿਖੀ ਕਹਾਣੀ ਸੁਣਾਉਣ ਦਾ ਵਾਅਦਾ ਕਰ ਗਏ। ਹਰਸ਼ਰਨ ਕੌਰ ਜੀ ਕਨੇਡਾ ਤੋਂ ਕਿਸੇ ਤਕਨੀਕੀ ਕਾਰਨ ਕਰਕੇ ਸਾਡੇ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਲਗਾ ਸਕੇ ਪਰ ਉਹ ਮਿੱਥੇ ਸਮੇਂ ਅਨੁਸਾਰ ਕੋਸ਼ਿਸ਼ ਕਰਦੇ ਰਹੇ ਤੇ ਲਾਈਵ ਪ੍ਰੋਗਰਾਮ ਸੁਣ ਕੇ ਅਨੰਦ ਮਾਣਦੇ ਰਹੇ।
ਪ੍ਰੋਗਰਾਮ ਆਪਣੇ ਅਖੀਰਲੇ ਪੜਾਅ ਤੱਕ ਪਹੁੰਚ ਚੁੱਕਾ ਸੀ। ਅਖੀਰ ਵਿੱਚ ਗੁਰਮੀਤ ਸਿੰਘ ਮੱਲ੍ਹੀ ਜੀ ਵੱਲੋਂ ਕਹਾਣੀ ਦਰਬਾਰ ਵਿੱਚ ਸ਼ਾਮਲ ਹੋਏ ਸਾਰੇ ਕਹਾਣੀਕਾਰਾਂ, ਕਹਾਣੀਕਾਰਵਾਂ ਦਾ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ ਗਿਆ। ਉਹਨਾਂ ਨੇ ਉਚੇਚੇ ਤੌਰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ। ਜੇਕਰ ਤੁਸੀਂ ਵੀ ਇਸ ਕਹਾਣੀ ਦਰਬਾਰ ਨੂੰ ਸੁਣਨਾ ਚਾਹੁੰਦੇ ਹੋ ਤਾਂ ਬਿੰਦਰ ਕੋਲੀਆਂ ਵਾਲ ਯੂ ਟਿਊਬ ਚੈਨਲ ਤੇ ਜਾ ਕੇ ਅਤੇ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਫੇਸਬੁੱਕ ਪੇਜ ਤੇ ਸੁਣ ਸਕਦੇ ਹੋ ਜੀ।
ਧੰਨਵਾਦ ਸਾਹਿਤ
ਸਰਬਜੀਤ ਸਿੰਘ ਜਰਮਨੀ







