ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਬੱਬੂ ਸਟੇਟ ਅਵਾਰਡ ਨਾਲ ਸਨਮਾਨਿਤ

0
11
ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਬੱਬੂ ਸਟੇਟ ਅਵਾਰਡ ਨਾਲ ਸਨਮਾਨਿਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਅਕਤੂਬਰ
ਸੈਂਟਰ ਹੈਡ ਟੀਚਰ ਗੁਰਵਿੰਦਰ ਸਿੰਘ ਇਲਾਕੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ।ਵਿੱਦਿਅਕ ਖੇਤਰ  ਵਿੱਚ ਮਿਹਨਤ ਦਾ ਦੂਸਰਾ ਨਾਮ ਗੁਰਵਿੰਦਰ ਸਿੰਘ ਉਰਫ ਬੱਬੂ ਬਹੁਤ ਸਾਰੇ ਅਧਿਆਪਕਾਂ ਲਈ ਪ੍ਰੇਰਨਾ ਦਾ ਸਰੋਤ ਹਨ।ਸਰਕਾਰੀ ਪ੍ਰਾਇਮਰੀ ਸਕੂਲ ਲੱਖਣਾ ਤਪਾ ਤੋਂ ਆਪਣਾ ਵਿੱਦਿਅਕ ਸਫਰ ਸ਼ੁਰੂ ਕਰਕੇ ਇਹ ਅਧਿਆਪਕ ਬਤੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮੱਖੀ ਕਲਾਂ,ਸਰਕਾਰੀ ਪ੍ਰਾਇਮਰੀ ਸਕੂਲ ਦਦੇਹਰ ਸਾਹਿਬ ਤੇ ਹੁਣ ਸਰਕਾਰੀ ਪ੍ਰਾਇਮਰੀ ਸਕੂਲ ਘਰਿਆਲਾ ਲੜਕੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਉਪਰੋਕਤ ਸਕੂਲਾਂ ਵਿੱਚ ਜਿੱਥੇ ਇਸ ਦੇ ਵਿਦਿਆਰਥੀਆਂ ਨੇ ਵਿਦਿਅਕ ਖੇਤਰ ਵਿੱਚ ਨਵੋਦਿਆ ਸਕੂਲ ਵਿੱਚ ਦਾਖਲਾ, ਵਿਭਾਗੀ ਵਿੱਦਿਅਕ ਮੁਕਾਬਲੇ ਵਿੱਚ ਮੱਲਾਂ  ਮਾਰੀਆਂ ਉੱਥੇ ਹੀ ਲਖਣਾ ਪਿੰਡ ਖੋ-ਖੋ ਖੇਡ ਦੀ ਜਿਲ੍ਹੇ ਦੀ ਹਬ ਬਣ ਗਿਆ। ਇਸੇ ਤਰ੍ਹਾਂ ਮੱਖੀ ਕਲਾਂ ਪਿੰਡ ਕਬੱਡੀ ਲਈ,ਦਦੇਹਰ ਸਾਹਿਬ ਅਥਲੀਟਾਂ ਅਤੇ ਹੁਣ ਘਰਿਆਲਾ ਪਹਿਲਵਾਨੀ ਅਤੇ ਫੁੱਟਬਾਲ ਲਈ ਪ੍ਰਸਿੱਧ ਹੋ ਚੁੱਕੇ ਹਨ। ਸਵੇਰ ਦੇ 6 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਵਿਦਿਆਰਥੀਆਂ ਲਈ ਹਾਜ਼ਰ ਰਹਿਣ ਵਾਲਾ ਅਧਿਆਪਕ ਅਨੇਕਾਂ ਵਿਦਿਆਰਥੀਆਂ ਨੂੰ ਰੁਜ਼ਗਾਰ’ਤੇ ਪਹੁੰਚਾ ਚੁੱਕਾ ਹੈ।ਜਿੱਥੇ ਉਸਦੇ ਪੜ੍ਹੇ ਬੱਚੇ ਅੱਜ ਈਟੀਟੀ ਅਧਿਆਪਕ ਹਨ ਉਥੇ ਹੀ ਬਹੁਤ ਸਾਰੇ ਬੱਚੇ ਆਰਮਡ ਫੋਰਸਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ।ਖੇਡ ਜਗਤ ਵਿੱਚ ਬੱਬੂ ਭਾਜੀ ਦੇ ਨਾਮ ਨਾਲ ਜਾਣੇ ਜਾਂਦੇ ਇਸ ਅਧਿਆਪਕ ਨੇ ਅਨੇਕਾਂ ਹੀ ਖਿਡਾਰੀ ਪੈਦਾ ਕੀਤੇ ਅਤੇ ਉਹਨਾਂ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ।ਅੱਜ ਉਹ ਖਿਡਾਰੀ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਕਰ ਰਹੇ ਹਨ।ਇਸ ਅਧਿਆਪਕ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਇੰਨ੍ਹਾਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਸਟੇਟ ਅਵਾਰਡ ਨਾਲ ਸਨਮਾਨਿਤ ਹੋਣ ‘ਤੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ,ਖੇਡ ਕਲੱਬਾਂ,ਸਵੈ ਸੇਵੀ ਸੰਸਥਾਵਾਂ ਤੇ ਇਲਾਕੇ ਦੇ ਮੋਹਤਬਾਰ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਜਾ ਰਹੀ ਹੈ।ਅਜਿਹੇ ਕਰਮਯੋਗੀ ਅਧਿਆਪਕ ਜਦ ਐਸੇ ਅਵਾਰਡਾਂ ਨਾਲ ਸਨਮਾਨਤ ਹੁੰਦੇ ਹਨ ਤਾਂ ਉਥੇ ਸਿੱਖਿਆ ਵਿਭਾਗ ਦੇ ਨਾਲ ਨਾਲ ਸਮੁੱਚੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।ਜ਼ਿਲ੍ਹਾ ਤਰਨ ਤਾਰਨ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਇਸ ਅਧਿਆਪਕ ਨੇ ਬਾਰਡਰ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ।ਸਮੂਹ ਇਲਾਕਾ ਨਿਵਾਸੀ ਜਿੱਥੇ ਸਰਕਾਰ ਦੇ ਧੰਨਵਾਦੀ ਹਨ,ਉਥੇ ਹੀ ਕਾਮਨਾ ਕਰਦੇ ਹਨ ਇਹ  ਅਧਿਆਪਕ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਬੱਚਿਆਂ ਦਾ ਭਵਿੱਖ ਰੁਸ਼ਨਾਵੇ। ਇਸ ਸਮੇਂ ਪਿੰਡ ਘਰਿਆਲਾ ਦੇ ਸਰਪੰਚ ਗਗਨਦੀਪ ਸਿੰਘ,ਸੁਖਦੇਵ ਸਿੰਘ, ਬਲਦੇਵ ਸਿੰਘ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here