ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਅਕਾਲੀ ਜਥਾ ਫਤਿਹਗੜ੍ਹ ਸਾਹਿਬ ਅਤੇ ਯੂਥ ਵਿੰਗ ਵੱਲੋਂ ਦੋ ਰੋਜ਼ਾ ‘ਦਸਤਾਰਾਂ ਦਾ ਲੰਗਰ’ ਲਗਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
ਸਿੱਖ ਨੌਜਵਾਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ: ਸਰਬਜੀਤ ਸਿੰਘ ਝਿੰਜਰ
ਫਤਹਿਗੜ੍ਹ ਸਾਹਿਬ, 25 ਦਸੰਬਰ 2025
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ (9 ਸਾਲ), ਬਾਬਾ ਫਤਹਿ ਸਿੰਘ (7 ਸਾਲ) ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਅਕਾਲੀ ਜਥਾ ਫਤਿਹਗੜ੍ਹ ਸਾਹਿਬ ਤੇ ਯੂਥ ਵਿੰਗ ਵੱਲੋਂ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੋ ਰੋਜ਼ਾ ‘ਦਸਤਾਰਾਂ ਦਾ ਲੰਗਰ’ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਹ ਵਿਸ਼ੇਸ਼ ਉਪਰਾਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ‘ਮੇਰੀ ਦਸਤਾਰ, ਮੇਰੀ ਸ਼ਾਨ’ ਮੁਹਿੰਮ ਤਹਿਤ ਆਯੋਜਿਤ ਕੀਤਾ ਗਿਆ, ਜਿਸਦਾ ਮੁੱਖ ਮਕਸਦ ਸਿੱਖ ਨੌਜਵਾਨਾਂ ਨੂੰ ਆਪਣੀ ਧਾਰਮਿਕ ਪਛਾਣ, ਇਤਿਹਾਸ ਅਤੇ ਸਿੱਖੀ ਦੀ ਮਹਾਨ ਵਿਰਾਸਤ ਨਾਲ ਜੋੜਨਾ ਹੈ। ਇਸ ਕੈਂਪ ਦੀ ਸ਼ੁਰੂਆਤ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਨੇ ਅਰਦਾਸ ਕਰਕੇ ਕੀਤੀ।
ਇਸ ਮੌਕੇ ਹਰ ਸਾਲ ਦੀ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਸ੍ਰੀ ਫਤਹਿਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੀਆਂ। ‘ਦਸਤਾਰਾਂ ਦੇ ਲੰਗਰ’ ਦੌਰਾਨ ਛੋਟੇ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਸ਼ਰਧਾਲੂਆਂ ਸਮੇਤ 500 ਤੋਂ ਵੱਧ ਸੰਗਤਾਂ ਨੂੰ ਮੁਫ਼ਤ ਦਸਤਾਰਾਂ ਸਜਾਈਆਂ ਗਈਆਂ ਅਤੇ ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਅਮਰ ਮਿਸਾਲ ਹੈ, ਜੋ ਸਾਨੂੰ ਧਰਮ ਪ੍ਰਤੀ ਅਟੱਲ ਵਿਸ਼ਵਾਸ, ਦਲੇਰੀ ਅਤੇ ਕੁਰਬਾਨੀ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਬਾਲ ਉਮਰ ਵਿੱਚ ਅਤਿਆਚਾਰਾਂ ਦਾ ਸਾਹਮਣਾ ਕਰਦਿਆਂ ਵੀ ਆਪਣੇ ਧਰਮ ਤੋਂ ਨਾ ਡਿੱਗਣਾ ਅਜਿਹੀ ਲਾਸਾਨੀ ਮਿਸਾਲ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।
ਝਿੰਜਰ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਸਚਾਈ, ਨਿਡਰਤਾ ਅਤੇ ਧਰਮ ਪ੍ਰਤੀ ਨਿਸ਼ਠਾ ਨੂੰ ਅਪਣਾਉਣਾ ਚਾਹੀਦਾ ਹੈ।
ਇਸ ਮੌਕੇ ਕੋਰ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਸ. ਸਰਨਜੀਤ ਸਿੰਘ ਚਨਾਥਲ ਅਤੇ ਐਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਦਸਤਾਰ ਸਿੱਖੀ ਦੀ ਪਹਿਚਾਣ ਹੀ ਨਹੀਂ, ਸਗੋਂ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਿਆ ਹੋਇਆ ਸਿਰ ਦਾ ਪਵਿੱਤਰ ਤਾਜ ਹੈ। “ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰੀਏ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੀਆਂ ਪਹਿਲਕਦਮੀਆਂ ਲਗਾਤਾਰ ਜਾਰੀ ਰੱਖੀਏ।
ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ‘ਮੇਰੀ ਦਸਤਾਰ, ਮੇਰੀ ਸ਼ਾਨ’ ਮੁਹਿੰਮ ਨੂੰ ਹੋਰ ਵਿਸਤਾਰ ਦੇਵੇਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਸਿੱਖ ਪਛਾਣ ਨਾਲ ਜੁੜ ਸਕਣ।
ਇਸ ਮੌਕੇ ਕੋਰ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਸਜੀਪੀਸੀ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸ. ਸਰਨਜੀਤ ਸਿੰਘ ਚਨਾਥਲ, ਐਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਹਰਪ੍ਰੀਤ ਸਿੰਘ ਰਿੱਚੀ ਆਦਿ ਹਾਜ਼ਰ ਸਨ।







