*ਹਰਜੋਤ ਬੈਂਸ ਨੇ ਗੈਂਗਸਟਰਾਂ ਖ਼ਿਲਾਫ਼ ਫੈਸਲਾਕੁੰਨ ਜੰਗ ਵਜੋਂ ‘ਆਪ੍ਰੇਸ਼ਨ ਪ੍ਰਹਾਰ’ ਦੀ ਕੀਤੀ ਸ਼ਲਾਘਾ*

0
14

*ਹਰਜੋਤ ਬੈਂਸ ਨੇ ਗੈਂਗਸਟਰਾਂ ਖ਼ਿਲਾਫ਼ ਫੈਸਲਾਕੁੰਨ ਜੰਗ ਵਜੋਂ ‘ਆਪ੍ਰੇਸ਼ਨ ਪ੍ਰਹਾਰ’ ਦੀ ਕੀਤੀ ਸ਼ਲਾਘਾ*

*• ਇਹ ਕੋਈ ਆਮ ਕਾਰਵਾਈ ਨਹੀਂ, ਇਹ ਅਮਨ-ਕਾਨੂੰਨ ਦੇ ਦੁਸ਼ਮਣਾਂ ਵਿਰੁੱਧ ਜੰਗ ਦਾ ਐਲਾਨ ਹੈ: ਹਰਜੋਤ ਬੈਂਸ*

*• ਸਿੱਖਿਆ ਮੰਤਰੀ ਵੱਲੋਂ ਨਾਗਰਿਕਾਂ ਨੂੰ ਇਸ ਅਹਿਮ ਮਿਸ਼ਨ ਵਿੱਚ ਪੰਜਾਬ ਪੁਲਿਸ ਦਾ ਸਾਥ ਦੇਣ ਦੀ ਅਪੀਲ*

ਚੰਡੀਗੜ੍ਹ, 22 ਜਨਵਰੀ 2026 : –

ਸੂਬੇ ਵਿੱਚੋਂ ਗੈਂਗਸਟਰਵਾਦ ਅਤੇ ਅਪਰਾਧਿਕ ਤਾਕਤਾਂ ਨੂੰ ਜੜ੍ਹੋਂ ਖਤਮ ਕਰਨ ਲਈ ਦ੍ਰਿੜ੍ਹ ਅਤੇ ਸਪੱਸ਼ਟ ਰੁਖ਼ ਅਪਣਾਉਂਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੀ ਸ਼ਲਾਘਾ ਕੀਤੀ। ਇਹ ਆਪ੍ਰੇਸ਼ਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅੱਤਵਾਦ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦਰਸਾਉਂਦਾ ਹੈ।

ਸ. ਬੈਂਸ ਨੇ ਕਿਹਾ. “ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸ਼ਾਨ ਅਤੇ ਸੁਰੱਖਿਆ ਲਈ ਜੰਗ ਦਾ ਆਗਾਜ਼ ਹੋ ਗਿਆ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਕਾਰਵਾਈ ਲਈ 2,000 ਟੀਮਾਂ, ਜਿਨ੍ਹਾਂ ਵਿੱਚ 12,000 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਲ ਹਨ, ਨਾਲ ਮਿਸਾਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੂਰੀ ਫੋਰਸ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਜੜੋਂ ਖਤਮ ਕਰਨ ਵਿੱਚ ਜੁਟੀ ਹੋਈ ਹੈ।

ਪੰਜਾਬ ਪੁਲਿਸ ਦੇ ਜਜ਼ਬੇ ਅਤੇ ਵਚਨਬੱਧਤਾ ਨੂੰ ਸਲਾਮ ਕਰਦਿਆਂ, ਸ. ਬੈਂਸ ਨੇ ਕਿਹਾ ਕਿ ਬੀਤੀ ਦੇਰ ਰਾਤ ਸ਼ੁਰੂ ਹੋਏ ਅਤੇ 72 ਘੰਟੇ ਚੱਲਣ ਵਾਲੇ ਇਸ ਆਪ੍ਰੇਸ਼ਨ ਦੌਰਾਨ ਪੂਰੇ ਤਾਲਮੇਲ ਨਾਲ ਗੈਂਗਸਟਰਾਂ ਨੂੰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨਿੱਜੀ ਤੌਰ ‘ਤੇ ਇਸ ਆਪ੍ਰੇਸ਼ਨ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਕਾਰਵਾਈ ਨਹੀਂ ਹੈ ਸਗੋਂ ਇਹ ਅਮਨ-ਕਾਨੂੰਨ ਦੇ ਦੁਸ਼ਮਣਾਂ ਵਿਰੁੱਧ ਜੰਗ ਦਾ ਐਲਾਨ ਹੈ।

ਸਿੱਖਿਆ ਮੰਤਰੀ ਨੇ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਹੋਏ ਪੁਲਿਸ ਮੁਕਾਬਲਿਆਂ ਦੀਆਂ ਸ਼ੁਰੂਆਤੀ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਇਸ ਆਪ੍ਰੇਸ਼ਨ ਦੇ ਦ੍ਰਿੜ ਇਰਾਦੇ ਅਤੇ ਤੁਰੰਤ ਕਾਰਵਾਈ ਨੂੰ ਸਬੂਤ ਵਜੋਂ ਪੇਸ਼ ਕੀਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਸਾਡੇ ਖੂਬਸੂਰਤ ਸੂਬੇ ਅਤੇ ਮਹਾਨ ਦੇਸ਼ ਵਿੱਚ ਅਸਥਿਰਤਾ ਫੈਲਾਉਣ ਦੀਆਂ ਸਾਜ਼ਿਸਾਂ ਨਾਕਾਮ ਹੋਣਗੀਆਂ।

ਉਨ੍ਹਾਂ ਕਿਹਾ, “ਅਸੀਂ ਆਪਣੀ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਮੈਂ ਹਰ ਨਾਗਰਿਕ, ਸਾਡੇ ਸਮਾਜ ਦੇ ਹਰ ਮੈਂਬਰ ਨੂੰ ਇਸ ਅਹਿਮ ਮਿਸ਼ਨ ‘ਆਪ੍ਰੇਸ਼ਨ ਪ੍ਰਹਾਰ’ ਵਿੱਚ ਪੰਜਾਬ ਪੁਲਿਸ ਦਾ ਸਾਥ ਦੇਣ ਦਾ ਸੱਦਾ ਦਿੰਦਾ ਹਾਂ। ਸਿਰਫ਼ ਇਕਜੁੱਟ ਹੋ ਕੇ ਹੀ ਅਸੀਂ ਸੂਬੇ ਨੂੰ ਗੈਂਗਸਟਰ-ਮੁਕਤ ਬਣਾ ਸਕਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਪੰਜਾਬ ਸਰਕਾਰ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗੀ ਜਦੋਂ ਤੱਕ ਸੂਬੇ ਵਿੱਚੋਂ ਸਮਾਜ-ਵਿਰੋਧੀ ਅਨਸਰਾਂ ਦਾ ਮੁਕੰਮਲ ਸਫਾਇਆ ਨਹੀਂ ਹੋ ਜਾਂਦਾ।”

LEAVE A REPLY

Please enter your comment!
Please enter your name here