ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀ ਫੈਲਣ ਤੋਂ ਬਚਾਅ ਲਈ ਸਰਗਰਮ ਉਪਰਾਲੇ ਕਰਨ ਅਧਿਕਾਰੀ–ਡਿਪਟੀ ਕਮਿਸ਼ਨ
ਡਿਪਟੀ ਕਮਿਸ਼ਨਰ ਨੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਜਾਂਚ ਅਤੇ ਫੌਗਿੰਗ ਕਰਨ ਦੇ ਦਿੱਤੇ ਆਦੇਸ਼
ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ–ਡਿਪਟੀ ਕਮਿਸ਼ਨਰ ਨਵਜੋਤ ਕੌਰ
ਮਾਨਸਾ, 12 ਸਤੰਬਰ:
ਪਿਛਲੇ ਦਿਨਾਂ ਦੌਰਾਨ ਭਾਰੀ ਮਾਤਰਾ ਵਿਚ ਹੋਈ ਬਰਸਾਤ ਕਰਕੇ ਜਿੰਨ੍ਹਾਂ ਇਲਾਕਿਆਂ ਵਿਚ ਪਾਣੀ ਜਮ੍ਹਾਂ ਹੋਇਆ ਉੱਥੇ ਤੁਰੰਤ ਪਾਣੀ ਦੀ ਜਾਂਚ ਅਤੇ ਫੌਗਿੰਗ ਕਰਵਾਈ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿਚ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇੰਨ੍ਹਾਂ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋੜੀਂਦੇ ਕਾਰਜ ਕਰਨੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਸਕੂਲਾਂ, ਆਂਗਣਵਾੜੀਆਂ ਵਿਚ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਕਲੋਰੀਨੇਸ਼ਨ ਕੀਤੀ ਜਾਵੇ। ਪ੍ਰਭਾਵਿਤ ਲੋਕਾਂ ਲਈ ਦਵਾਈਆਂ ਦਾ ਮੁਕੰਮਲ ਪ੍ਰਬੰਧ ਰੱਖਿਆ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਪਾਣੀ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਦਰਤੀ ਆਫ਼ਤ ਦੀ ਮਾਰ ਵਿਚ ਆਏ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਸਕੇ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਤੇ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਰਗਰਮ ਉਪਰਾਲੇ ਕੀਤੇ ਜਾਣ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਜੀਤ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ, ਐਕਸੀਅਨ ਰਜਿੰਦਰ ਗਰਗ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।