ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਵਿੱਤਰ ਅੰਗ ਗਲੀਆਂ ਵਿੱਚ ਮਿਲੇ

0
3
ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਵਿੱਤਰ ਅੰਗ ਗਲੀਆਂ ਵਿੱਚ ਮਿਲੇ
ਬਾਬਾ ਬਕਾਲਾ ਸਾਹਿਬ ( ਬਲਰਾਜ ਸਿੰਘ ਰਾਜਾ)
ਗੁਰਦੁਆਰਾ ਸਾਹਿਬ ਦੇ ਤਾਰ ਕੱਟ ਕੇ ਅਣਪਛਾਤਿਆਂ ਵੱਲੋਂ ਤੋੜਫੋੜ, ਪੁਲਿਸ ਵੱਲੋਂ ਜਾਂਚ ਸ਼ੁਰੂ
ਬਾਬਾ ਬਕਾਲਾ ਦੇ ਡੀਐਸਪੀ ਅਰੁਣ ਸ਼ਰਮਾ ਮੌਕੇ ’ਤੇ ਪਹੁੰਚੇ, ਸੀਸੀਟੀਵੀ ਫੁਟੇਜ ਕਬਜ਼ੇ ਵਿੱਚ
ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਸਠਿਆਲਾ ਵਿੱਚ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਸਵੇਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਧਾਮ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪਿੰਡ ਵਿੱਚ ਭਾਰੀ ਗੁੱਸੇ ਅਤੇ ਦੁੱਖ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਗਲੀਆਂ ਵਿੱਚ ਬਿਖਰੇ ਹੋਏ ਮਿਲੇ। ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤਾਰਾਂ ਕੱਟ ਕੇ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਦਾਖਲ ਹੋ ਕੇ ਤੋੜਫੋੜ ਕੀਤੀ ਗਈ। ਇਸ ਘਟਨਾ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਸਵੇਰੇ ਕਰੀਬ 7:30 ਵਜੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਬਾਬਾ ਬਕਾਲਾ ਦੇ ਡੀਐਸਪੀ ਅਰੁਣ ਸ਼ਰਮਾ ਆਪਣੇ ਦਲ ਸਮੇਤ ਘਟਨਾ ਸਥਲ ’ਤੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਅਤੇ ਆਸਪਾਸ ਦੇ ਇਲਾਕੇ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਇਸ ਘਟਨਾ ਨਾਲ ਨਾ ਸਿਰਫ਼ ਪਿੰਡ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਸਗੋਂ ਇਲਾਕੇ ਦੇ ਸ਼ਰਧਾਲੂਆਂ ਵਿੱਚ ਵੀ ਗਹਿਰਾ ਦੁੱਖ ਅਤੇ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਵੀ ਮੌਕੇ ਦਾ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਗੱਲਬਾਤ ਦੌਰਾਨ ਐਸ ਐਚ ਓ ਬਿਆਸ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here