‘ਆਜ਼ਾਦ ਗਰੁੱਪ’ ਦੀ ਅਕਾਲੀ ਦਲ ‘ਚ ਸ਼ਮੂਲੀਅਤ ਨੇ ਲੋਕਾਂ ਦੇ ਭਰੋਸੇ ‘ਤੇ ਮੋਹਰ ਲਾਈ- ਬ੍ਰਹਮਪੁਰਾ
ਸੁਖਬੀਰ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਹਿੱਤ ਸੁਰੱਖਿਅਤ – ਰਵਿੰਦਰ ਬ੍ਰਹਮਪੁਰਾ
ਤਰਨਤਾਰਨ,21 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਕਿ ਤਰਨ ਤਾਰਨ ਦੀ ਧਰਤੀ ਤੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਦੇ ਸਭ ਤੋਂ ਮਜ਼ਬੂਤ ‘ਆਜ਼ਾਦ ਗਰੁੱਪ’ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਇੱਕ ਇਤਿਹਾਸਕ “ਘਰ ਵਾਪਸੀ” ਹੈ,ਜੋ ਸੂਬੇ ਦੇ ਲੋਕਾਂ ਦੇ ਆਪਣੀ ਮਾਂ-ਪਾਰਟੀ ਵਿੱਚ ਮੁੜ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੀ ਹੈ।ਸ. ਬ੍ਰਹਮਪੁਰਾ ਨੇ ਕਿਹਾ ਕਿ ਆਜ਼ਾਦ ਗਰੁੱਪ ਦਾ ਇਹ ਫ਼ੈਸਲਾ ਤਰਨ ਤਾਰਨ ਦੇ ਲੋਕਾਂ ਦੀ ਆਵਾਜ਼ ਹੈ।ਲੋਕ ‘ਆਪ’ ਅਤੇ ਕਾਂਗਰਸ ਦੀਆਂ ਭਰੋਸਾ ਤੋੜਨ ਵਾਲੀਆਂ ਨੀਤੀਆਂ ਅਤੇ ਧੱਕੇਸ਼ਾਹੀ ਤੋਂ ਅੱਕ ਚੁੱਕੇ ਹਨ।ਹੁਣ ਉਹ ਇੱਕ ਅਜਿਹੀ ਭਰੋਸੇਮੰਦ ਅਗਵਾਈ ਚਾਹੁੰਦੇ ਹਨ ਜੋ ਸਿਰਫ਼ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ ਅਤੇ ਉਹ ਭਰੋਸਾ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ।ਉਨ੍ਹਾਂ ਪਾਰਟੀ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਪੜ੍ਹੇ-ਲਿਖੇ, ਸਤਿਕਾਰਤ ਅਤੇ ਬੇਦਾਗ ਅਕਸ ਵਾਲੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਕੇ ਪਾਰਟੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤਰਨ ਤਾਰਨ ਦੇ ਅਣਖੀ ਅਤੇ ਜੁਝਾਰੂ ਲੋਕ ਇਸ ਜ਼ਿਮਨੀ ਚੋਣ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ ਵਿੱਚ ਇਤਿਹਾਸਕ ਫ਼ਤਵਾ ਦੇ ਕੇ ‘ਆਪ’ ਅਤੇ ਕਾਂਗਰਸ ਦੀ ਧੱਕੇਸ਼ਾਹੀ ਨੂੰ ਕਰਾਰਾ ਜਵਾਬ ਦੇਣਗੇ।ਉਨ੍ਹਾਂ ਅੰਤ ਵਿੱਚ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਮੌਜੂਦਾ ਸਰਕਾਰ ਖਿਲਾਫ਼ ਇੱਕ ਫ਼ਤਵਾ ਹੋਵੇਗਾ। ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾ ਕੇ 2027 ਦੀ ਜਿੱਤ ਦੀ ਨੀਂਹ ਰੱਖਣਗੇ।