ਕਮਿਊਨਿਟੀ ਸਿਹਤ ਕੇਂਦਰ, ਘਰਿਆਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ
ਚੰਗੀ ਸਿਹਤ ਲਈ ਖ਼ੁਰਾਕ ਦੇ ਨਾਲ ਸਾਫ ਆਬੋ ਹਵਾ ਦਾ ਵੀ ਹੋਣਾ ਬਹੁਤ ਜਰੂਰੀ : ਡਾ. ਭੁਪਿੰਦਰ ਸਿੰਘ ਏਓ
ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਭ ਦੇ ਸਹਿਯੋਗ ਦੀ ਲੋੜ
ਪੱਟੀ ਘਰਿਆਲਾ 9 ਅਕਤੂਬਰ , 2025
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੀ ਦੇਖ ਰੇਖ ਹੇਠ ਸੂਚਨਾ, ਸਿੱਖਿਆ ਅਤੇ ਪ੍ਰਸਾਰ ਗਤੀਵਿਧੀਆਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਦੇ ਅਧਿਕਾਰੀਆਂ ਨੇ ਸਿਹਤ ਕੇਂਦਰ, ਘਰਿਆਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ।
ਇਸ ਮੌਕੇ ਡਾ. ਸੰਦੀਪ ਕੌਰ ਅੱਖਾਂ ਦੇ ਮਾਹਿਰ, ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ. ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਬੀਟੀਐਮ ਨੇ ਵਾਤਾਵਰਨ ਦੀ ਸਵੱਸ਼ਤਾ ਵਿਸੇ਼ ਅਤੇ 9 ਅਕਤੂਬਰ ਨੂੰ ਅੱਖਾਂ ਦੀ ਸਲਾਮਤੀ ਲਈ ਵਿਸ਼ਵ ਪੱਧਰ `ਤੇ ਮਨਾਏ ਜਾਂਦੇ ਦ੍ਰਿਸ਼ਟੀ ਦਿਵਸ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਖਾਂ ਅਤੇ ਮਨੁੱਖੀ ਸਿਹਤ ਲਈ ਚੰਗੀ ਖੁਰਾਕ ਜ਼ਰੂਰੀ ਹੈ ਉਸੇ ਤਰ੍ਹਾਂ ਆਬੋ ਹਵਾ ਦਾ ਵੀ ਸਾਫ ਹੋਣਾ ਬਹੁਤ ਜਰੂਰੀ ਹੈ। ਇਸ ਲਈ ਵੱਧ ਤੋਂ ਵੱਧ ਸਿੱਖਿਅਤ ਹੋ ਕੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਆਤਿਸ਼ਬਾਜੀ, ਕੂੜਾ-ਕਰਕਟ ਨੂੰ ਅੱਗ ਲਗਾਉਣਾ, ਪਰਾਲੀ ਸਾੜਨਾ ਆਦਿ ਖਾਸ ਤੌਰ `ਤੇ ਸਰਦ ਰੁੱਤ ਦੀ ਆਮਦ ਮੌਕੇ ਬਹੁਤ ਹੀ ਨੁਕਸਾਨਦੇਹ ਹੁੰਦਾ ਹੈ। ਇਸ ਦੌਰਾਨ ਇਨ੍ਹਾਂ ਗਤੀਵਿਧੀਆਂ ਨਾਲ ਪੈਦਾ ਹੁੰਦੀਆਂ ਜ਼ਹਿਰੀਲੀਆਂ ਗੈਸਾਂ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ। ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਵੱਡਾ ਨੁਕਸਾਨ ਵੇਖਣ ਨੂੰ ਮਿਲਦਾ ਹੈ। ਕਈ ਵਾਰ ਤਾਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਲਾਏ ਲਾਂਬੂ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣ ਜਾਂਦੇ ਹਨ। ਪਰਾਲੀ ਨੂੰ ਲਗਾਏ ਲਾਂਬੂ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਾ ਦਿੰਦੇ ਹਨ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਜਿਹੀ ਸੋਚ ਪੈਦਾ ਕੀਤੀ ਜਾਵੇ ਜਿਸ ਨਾਲ ਸਾਡੀ ਧਰਤੀ ਅਤੇ ਮਨੁੱਖੀ ਸਿਹਤ ਤੰਦਰੁਸਤ ਰਹਿ ਸਕੇ। ਇਸ ਮੌਕੇ ਸਰਕਲ ਇੰਚਾਰਜ ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਜਾਣਕਾਰੀ ਦਿੱਤੀ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਨੂੰ ਸਬਸਿਡੀ `ਤੇ ਮਸ਼ੀਨਰੀ ਦਿੱਤੀ ਜਾ ਰਹੀ ਹੈ ਜਿਸ ਨੂੰ ਕਿਸਾਨ ਖੁਦ ਖਰੀਦ ਕੇ ਜਾਂ ਕਿਰਾਏ ਤੇ ਲਿਆ ਕੇ ਉਪਯੋਗ ਵਿੱਚ ਲਿਆ ਸਕਦੇ ਹਨ। ਇਸ ਮੌਕੇ ਫਾਰਮੇਸੀ ਅਫਸਰ ਨਵਕਿਰਨ ਸਿੰਘ, ਜੋਰਾਵਰ ਸਿੰਘ ਸੁਪਰਵਾਈਜਰ, ਗੁਰਪ੍ਰੀਤ ਕੌਰ ਆਸ਼ਾ ਫੈਸੀਲੀਟੇਟਰ, ਸਰਬਜੀਤ ਕੌਰ, ਜਸਬੀਰ ਸਿੰਘ ਬੀਐਸਏ, ਬਲਰਾਜ ਸਿੰਘ ਖੇਤੀ ਉਪ ਨਿਰੀਖਕ ਅਤੇ ਫੀਲਡ ਵਰਕਰ ਦਿਲਬਾਗ ਸਿੰਘ, ਪਰਮਜੀਤ ਸਿੰਘ ਬੀਈਈ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ।