ਕਰਮਨ ਸ਼ਹਿਰ ਦੇ ਦੋਸਾਂਝ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਧੀਆਂ ਏਕਨੂਰ ਅਤੇ ਨਿਮਰਤ ਨੇ
ਕਰਮਨ ਸ਼ਹਿਰ ਦੇ ਦੋਸਾਂਝ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਧੀਆਂ ਏਕਨੂਰ ਅਤੇ ਨਿਮਰਤ ਨੇ
“ਛੋਟੀ ਉਮਰੇ ਬਣੀਆਂ ਅੰਤਰਰਾਸ਼ਟਰੀ ਖਿਡਾਰਨਾਂ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੱਚਿਆਂ ਦੇ ਵਿਕਾਸ ਲਈ ਪੜਾਈ ਅਤੇ ਖੇਡਾਂ ਬਹੁਤ ਜ਼ਰੂਰੀ ਹਨ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਪ੍ਰੇਰਨਾ ਸਦਕਾ ਸੈਂਟਰਲ ਵੈਲੀ ਦੇ ਸ਼ਹਿਰ ਕਰਮਨ ਨਿਵਾਸੀ ਹਰਪਿੰਦਰ ਸਿੰਘ ਦੋਸਾਂਝ ਅਤੇ ਹਰਿੰਦਰ ਕੌਰ ਦੋਸਾਂਝ ਦੀਆਂ ਛੋਟੀ ਉਮਰੇ ਦੋਨੋ ਧੀਆਂ ਜਿੱਥੇ ਪੜਾਈ ਵਿੱਚ ਉੱਚੇ ਗਰੇਡ ਹਾਸਲ ਕਰ ਰਹੀਆਂ ਹਨ, ਉੱਥੇ ਖੇਡਾਂ ਵਿੱਚ ਵੀ ਅੱਵਲ ਦਰਜੇ ਦੀਆਂ ਖਿਡਾਰਨਾਂ ਹਨ। ਜਿੰਨ੍ਹਾਂ ਦੀ ਚੋਣ ਸਵੀਡਨ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਹੋਈ ਹੈ। ਇਹ ਯੂਰਪ ਵਿੱਚ ਸੌਕਰ (ਫੁੱਟਬਾਲ) ਦੇ ਦੋ ਟੂਰਨਾਮੈਂਟ ਖੇਡਣਗੀਆਂ।
ਏਕਨੂਰ ਦੋਸਾਂਝ 13 ਸਾਲ ਦੀ ਹੈ। ਜੋ ਕਰਮਨ ਮਿਡਲ ਸਕੂਲ ਦੀ ਵਿਦਿਆਰਥਣ ਹੈ। ਉਹ ਇਸ ਤੋਂ ਪਹਿਲਾਂ ਵੀ ਮਿਡਲ ਸਕੂਲ ਲਈ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਜਦ ਕਿ ਨਿਮਰਤ ਦੋਸਾਂਝ ਦੀ ਉਮਰ 11 ਸਾਲ ਦੀ ਹੈ। ਉਹ ਦੋਵੇਂ ਧੀਆਂ ਫਰਿਜ਼ਨੋ ਵਿੱਚ ਇੱਕ ਕਲੱਬ ਲਈ ਖੇਡਦੀਆਂ ਹਨ। ਇਸ ਸਪੋਰਟਸ ਕਲੱਬ ਨੂੰ ‘ਫਰਿਜ਼ਨੋ ਹੀਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਉਨ੍ਹਾਂ ਦੇ ਪਿਤਾ ਹਰਪਿੰਦਰ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਭ ਤੋਂ ਵੱਡੀ ਧੀ ਏਕਨੂਰ ਦੋਸਾਂਝ ਕਰਮਨ ਮਿਡਲ ਸਕੂਲ ਜਾਂਦੀ ਹੈ ਅਤੇ ਛੋਟੀ ਧੀ ਨਿਮਰਤ ਦੋਸਾਂਝ ਲਿਬਰਟੀ ਐਲੀਮੈਂਟਰੀ ਸਕੂਲ ਜਾਂਦੀ ਹੈ। ਸੈਨ ਫਰਾਂਸਿਸਕੋ ਵਿੱਚ ਟਰਾਈਆਉਟ ਦੁਆਰਾ ਰਾਸ਼ਟਰੀ ਸੌਕਰ (ਫੁੱਟਬਾਲ) ਅਕੈਡਮੀ ਲਈ ਚੁਣਿਆ ਗਿਆ। ਏਕਨੂਰ 13 ਸਾਲ ਅਤੇ ਅੰਡਰ ਟੀਮ ਵਿੱਚ ਖੇਡ ਰਹੀ ਹੈ ਅਤੇ ਨਿਮ੍ਰਿਤ 12 ਸਾਲ ਅਤੇ ਅੰਡਰ ਟੀਮ ਵਿੱਚ ਖੇਡ ਰਹੀ ਹੈ।
ਅੱਗੇ ਉਨਾਂ ਦੱਸਿਆ ਕਿ ਯੂਰਪ ਵਿੱਚ ਇੰਨਾਂ ਨੇ ਦੋ ਟੂਰਨਾਮੈਂਟ ਖੇਡਣੇ ਹਨ। ਸਵੀਡਨ ਵਿੱਚ ‘ਗੋਥੀਆ ਕੱਪ’ ਯੂਰਪ ਦੇ ਸਭ ਤੋਂ ਵੱਡੇ ਟੂਰਨਾਮੈਂਟਾਂ ਵਿੱਚੋਂ ਇੱਕ ਹੈ। ਜਿਸ ਵਿੱਚ 85 ਦੇਸ਼ਾਂ ਦੀਆਂ 1900 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਡੈਨਮਾਰਕ ਵਿੱਚ ‘ਡੋਨਾ ਕੱਪ’ ਜਿਸ ਵਿੱਚ 1000 ਤੋਂ ਵੱਧ ਟੀਮਾਂ ਹਿੱਸਾ ਲੈ ਰਹੀਆਂ ਹਨ। ਇੰਨ੍ਹਾਂ ਦੋਨੋ ਟੂਰਨਾਮੈਂਟਾਂ ਵਿੱਚ ‘ਨੈਸ਼ਨਲ ਸੌਕਰ ਅਕੈਡਮੀ’ ਅਮਰੀਕਾ ਵੱਲੋਂ ਖੇਡਣਗੀਆਂ।
ਅਸੀਂ ਇਸ ਮਹੀਨੇ ਹੋਣ ਵਾਲੇ ਅੰਤਰਰਾਸ਼ਟਰੀ ਪੱਧਰ ਦੇ ਇੰਨਾਂ ਦੋਨਾਂ ਟੂਰਨਾਮੈਂਟਾਂ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਇਹ ਦੋਨੋ ਧੀਆਂ ਆਪਣੀ ਟੀਮ ਸਮੇਤ ਹਮੇਸ਼ਾ ਵਾਂਗ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਜਿਸ ਨਾਲ ਦੋਸਾਂਝ ਪਰਿਵਾਰ ਦਾ ਮਾਣ ਵਧੇਗਾ ਅਤੇ ਅਮਰੀਕਾ ਦਾ ਝੰਡਾ ਬੁਲੰਦ ਹੋਵੇਗਾ।