ਕੈਨੇਡਾ ‘ਚ ਦੌਲਤਪੁਰ ਵਾਸੀਆਂ ਵਲੋਂ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ

0
7
ਸਰੀ: 102 ਸਾਲ ਪਹਿਲਾਂ ਐਬਸਫੋਰਡ, ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ‘ਚੀਫ਼ ਐਡੀਟਰ’ ‘ਬਬਰ ਅਕਾਲੀ ਲਹਿਰ’ ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ ‘ਬਬਰ ਅਕਾਲੀ’ ਨਾਂ ਵੀ ਆਪ ਜੀ ਦੀ ਹੀ ਦੇਣ ਹੈ। ਕੈਨੇਡਾ ਰਹਿੰਦੀ ਪਿੰਡ ਦੌਲਤਪੁਰ ਦੀ ਸਮੂਹ ਸੰਗਤ ਵਲੋਂ ਸ਼ਹੀਦ ਬਬਰ ਕਰਮ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦ ਵਿੱਚ 7 ਸਤੰਬਰ, ਦਿਨ ਐਤਵਾਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਸ਼ਹੀਦੀ ਸਮਾਗਮ ਕਰਵਾਏ ਗਏ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਅਤੇ ਇਤਿਹਾਸਿਕ ਵਿਚਾਰਾਂ ਹੋਈਆਂ, ਜਿਸ ਦੌਰਾਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਬਬਰ ਅਕਾਲੀ ਯੋਧਿਆਂ ਨੂੰ ਯਾਦ ਕੀਤਾ। ਇਸ ਮੌਕੇ ‘ਤੇ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਬਬਰ ਅਕਾਲੀ ਲਹਿਰ ਤੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਹਨਾਂ ਦੇ ਸਾਥੀਆਂ ਦੇ ਸੰਘਰਸ਼ ਬਾਰੇ ਇਤਿਹਾਸਕ ਪੰਨਿਆਂ ‘ਚੋਂ ਵਿਚਾਰਾ ਸਾਂਝੀਆਂ ਕੀਤੀਆਂ।
ਨਗਰ ਦੌਲਤਪੁਰ ਵਾਸੀਆਂ ਵੱਲੋਂ ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਨੂੰ ਹਰ ਵਰੇ ਬਬਰ ਅਕਾਲੀ ਲਹਿਰ ਅਤੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਬਾਰੇ ਵਿਚਾਰਾਂ ਸਾਂਝੀਆਂ ਕਰਨ ਲਈ ਸਨਮਾਨਿਤ ਕੀਤਾ ਗਿਆ।  ਉਹਨਾਂ ਦੱਸਿਆ ਕਿ ਐਬਸਫੋਰਡ ਸ਼ਹਿਰ ‘ਚ ਸਾਊਥ ਫਰੇਜ਼ਰ ਵੇਅ ਤੇ ਭਾਈ ਕਰਮ ਸਿੰਘ, ਉਹਨਾਂ ਦੇ ਭਰਾ ਭਾਈ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ  ਸਿੱਖ ਕੌਮ ਅਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ ‘ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ, ਆਪ ਦੀ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ ‘ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ ਹੈ। ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ। ਬਬਰ ਅਕਾਲੀ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਲੋਕ ਮਨਾਂ ਵਿੱਚ ਇਹ ਸ਼ਬਦ ਪ੍ਰਚਲਤ ਹੋ ਚੁੱਕੇ ਸਨ ;
”ਲਾੜੀ ਮੌਤ ਨੂੰ ਕਰਨ ਪ੍ਰਣਾਮ ਚੱਲੇ,
ਸੇਹਰੇ ਲਟਕਦੇ ਬਬਰ ਅਕਾਲੀਆਂ ਦੇ”

LEAVE A REPLY

Please enter your comment!
Please enter your name here