ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਵੱਲੋਂ ਦਿਨ ਐਤਵਾਰ 12 ਅਪ੍ਰੈਲ 2026 ਨੂੰ “ਖਾਲਸਾ ਸਾਜਨਾ ਦਿਵਸ” ਅਤੇ “ਸ਼ਹੀਦ ਭਗਤ ਸਿੰਘ” ਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਨੂੰ ਸਮਰਪਿਤ “ਕਲਾਮ ਪੇਸ਼ ਹੈ” ਕਵੀ ਦਰਬਾਰ ਕਰਾਇਆ ਗਿਆ।

0
6
Screenshot

ਸਤਿ ਸ੍ਰੀ ਅਕਾਲ ਜੀ

ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਵੱਲੋਂ ਦਿਨ ਐਤਵਾਰ 12 ਅਪ੍ਰੈਲ 2026 ਨੂੰ “ਖਾਲਸਾ ਸਾਜਨਾ ਦਿਵਸ”
ਅਤੇ “ਸ਼ਹੀਦ ਭਗਤ ਸਿੰਘ” ਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਨੂੰ ਸਮਰਪਿਤ “ਕਲਾਮ ਪੇਸ਼ ਹੈ” ਕਵੀ ਦਰਬਾਰ ਕਰਾਇਆ ਗਿਆ। ਜਿਸ ਵਿੱਚ ਯੂਰਪ, ਭਾਰਤ, ਪਾਕਿਸਤਾਨ,  ਅਮਰੀਕਾ ਦੇ ਵੱਖ ਵੱਖ ਮੁਲਕਾਂ ਤੋਂ ਲਗਭਗ 16 ਕਵੀਆਂ ਕਵਿਤਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਕਵੀ ਕਵਿਤਰੀਆਂ ਨੇ ਆਪਣੀ ਕਲਮ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਸ਼ਹੀਦਾਂ ਨੂੰ ਸਮਰਪਿਤ, ਪੰਜਾਬ ਵਿੱਚ ਹੋਈ ਬੇਵਕਤ ਮੌਸਮ ਖਰਾਬੀ ਕਾਰਨ ਕਣਕ ਦੇ ਨੁਕਸਾਨ  ਬਾਰੇ ਕਵਿਤਾਵਾਂ ਅਤੇ ਗੀਤਾਂ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੌਮਾਂਤਰੀ ਪੰਜਾਬੀ ਕਾਫਲਾ ਦੇ ਸਰਪ੍ਰਸਤ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਨੇ ਵਿਸਾਖੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸਭ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਨਾਲ ਹੀ ਕਾਫ਼ਲਾ ਪ੍ਰਧਾਨ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਬਿੰਦਰ ਜੀ ਨੇ ਆਪ ਹੀ ਮੰਚ ਸੰਚਾਲਨ ਕਰਦਿਆਂ ਕਵੀ ਦਰਬਾਰ ਦੀ ਸ਼ੁਰੂਆਤ ਇੱਕ ਸ਼ੇਅਰ ਨਾਲ ਕੀਤੀ।

“ਜੇ ਜ਼ੁਲਮ ਦੀ ਖਾਤਿਰ ਭਗਤ ਸਿੰਘ ਲੜਦਾ ਨਾ,
ਸੌਂਹ ਰੱਬ ਦੀ ਕੋਈ ਪੰਜਾਬੀ ਹਿੱਕ ਤਾਣ ਕੇ ਖੜਦਾ ਨਾ।”

ਨਾਲ ਹੀ ਬਿੰਦਰ ਜੀ ਨੇ  ਪਹਿਲਾ ਸੱਦਾ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ(ਪੰਜਾਬ) ਜੀ ਨੂੰ ਦਿੱਤਾ। ਜੋਗੀ ਜੀ ਨੇ ‘ਬਾਣੀ ਨਾ ਵਿਸਾਰੋ ਮੇਰੇ ਪਿਆਰੀਓ’ ਕਵਿਤਾ ਸੁਣਾ ਕੇ ਸਭ ਵਿੱਚ ਜੋਸ਼ ਭਰ ਦਿੱਤਾ। ਉਸ ਤੋਂ ਅਗਲੇ ਸੱਦੇ ਤੇ ਕਵਿੱਤਰੀ ਕਰਮਜੀਤ ਕੌਰ ਰਾਣਾ (ਇਟਲੀ) ਨੇ ਆਪਣੀ ਲਿਖੀ ‘ ਵਿਸਾਖੀ’ ਕਵਿਤਾ ਸੁਣਾਈ ਜਿਸ ਵਿੱਚ ਸਮੁੱਚੇ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਉਸ ਤੋਂ ਬਾਅਦ ਕਲਾਕਾਰ ਗੋਲਡੀ ਬਾਵਾ (ਪੁਰਤਗਾਲ) ਨੇ ‘ਬਾਜਾਂ ਵਾਲੇ ਨੇ ਲਗਾਇਆ ਦਰਬਾਰ ਸੀ’ ਗੀਤ ਸੁਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫ਼ਤ ਸਲਾਹ ਕੀਤੀ।  ਉਸ ਤੋਂ ਅਗਲੇ ਸੱਦੇ ਤੇ ਕਵਿੱਤਰੀ ਇੰਦਰਜੀਤ ਕੌਰ ਬਡਾਲਾ (ਪੰਜਾਬ) ਨੇ ‘ਇੱਕੋ ਬਾਟੇ ਚੋਂ ਅੰਮ੍ਰਿਤ ਦੀ ਦਾਤ ਦੇ ਕੇ, ਉਸ ਉੱਚ ਨੀਚ ਦਾ ਭੇਦ ਮਿਟਾ ਦਿੱਤਾ’ ਗੀਤ ਬਹੁਤ ਪਿਆਰੀ ਅਵਾਜ਼ ਵਿੱਚ ਸੁਣਾਇਆ।

ਗੀਤਕਾਰ ਗੁਰਮੀਤ ਸਿੰਘ ਮੱਲ੍ਹੀ(ਇਟਲੀ) ਨੇ ਆਪਣੇ ਗੀਤ ‘ਬੱਦਲਾਂ’ ਵਿੱਚ ਹਾਲ ਵਿੱਚ ਪੰਜਾਬ ਦੀਆਂ ਫਸਲਾਂ ਦੇ ਨੁਕਸਾਨ ਦਾ ਦੁੱਖ ਸਾਂਝਾ ਕੀਤਾ। ਉਸ ਤੋਂ ਬਾਅਦ ਕਵਿੱਤਰੀ ਪੋਲੀ ਬਰਾੜ ਜੀ (ਅਮਰੀਕਾ) ਨੇ ‘ਆਉ ਸਿੰਘੋਂ ਰਲ ਅਨੰਦ ਪੁਰ ਸਾਹਿਬ ਚਲੀਏ’ ਗੀਤ ਤਰੰਨਮ ਵਿੱਚ ਖ਼ਾਲਸੇ ਦਾ ਜੱਸ ਗਾਇਆ। ਲੇਖਕ ਪਰਗਟ ਸਿੰਘ ਗਿੱਲ (ਪੰਜਾਬ) ਨੇ ‘ਨਿਆਰਾ ਖਾਲਸਾ’ ਵੀਰ ਰਸ ਭਰੀ ਕਵਿਤਾ ਸੁਣਾਈ। ਉਸ ਤੋਂ ਅਗਲੇ ਸੱਦੇ ਤੇ ਪਹਿਲੀ ਵਾਰ ਹਾਜ਼ਰ ਹੋਏ ਆਕਾਸ਼ਦੀਪ ਸਿੰਘ (ਇਟਲੀ) ਨੇ ਦੋ  ਵੱਖ-ਵੱਖ ਆਸ਼ਾਵਾਦੀ ਕਵਿਤਾਵਾਂ ਸੁਣਾਈਆਂ ਤੇ ਪਹਿਲੀ ਹਾਜ਼ਰੀ ਵਿੱਚ ਹੀ ਸਭ ਦਾ ਮਨ ਮੋਹ ਲਿਆ॥

ਸਰਬਜੀਤ ਸਿੰਘ ਜਰਮਨੀ ਨੇ ‘ਵਿਸਾਖੀ ਮਨਾਈਏ’ ਕਵਿਤਾ ਪੇਸ਼ ਕੀਤੀ। ਕਹਾਣੀਕਾਰ ਸਰਦੂਲ ਸਿੰਘ ਭੱਲਾ (ਪਟਿਆਲਾ) ਜੀ ਨੇ ‘ਦੁਨੀਆ ਤਾਂ ਲੜਦੀ ਏ, ਤਖ਼ਤ ਜਾਂ ਤਾਜ ਲਈ’  ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਉਸ ਤੋਂ ਬਾਅਦ ਕਵੀਸ਼ਰ  ਜਸਵਿੰਦਰ ਸਿੰਘ ਢਿੱਲੋ (ਪੰਜਾਬ) ਜੀ ਨੇ ‘ ਵਿਹੜੇ ਅਨੰਦ ਪੁਰ ਦੇ, ਭਾਗਾਂ ਭਰੀ ਵਿਸਾਖੀ ਆਈ’ ਕਵੀਸ਼ਰੀ ਰੰਗ ਵਿੱਚ ਗੀਤ ਪੇਸ਼ ਕੀਤਾ। ਪ੍ਰਸਿੱਧ ਕਵੀਸ਼ਰ, ਗ਼ਜ਼ਲਗੋ ਪਰਵਿੰਦਰ ਸਿੰਘ ਹੇਅਰ (ਬੰਬੇ) ਹੋਰਾਂ ਨੇ ‘ਕਲਗੀ ਵਾਲੇ ਦੀ ਜੀਭ ਨਾਲ ਸਿਫ਼ਤ ਕਰਨੀ’ ਸ਼ੇਅਰ ਵਿਸਾਖੀ ਨੂੰ ਸਮਰਪਿਤ ਤੇ ‘ਦੇਸ਼ ਵਾਸੀਓ ਭਗਤ ਸਿੰਘ ਸਰਦਾਰ ਬੋਲਦਾ ਹਾਂ’ ਸ਼ਹੀਦਾ ਨੂੰ ਸਮਰਪਿਤ ਗੀਤ ਤਰੰਨਮ ਵਿੱਚ ਪੇਸ਼ ਕੀਤਾ।  ਕਲਾਕਾਰ ਮੰਗਤ ਖਾਨ ਜੀ (ਪਟਿਆਲਾ)  ‘ਕਿੱਥੇ ਰੱਖਾ ਮੈਂ ਲੁਕਾ ਕੇ ਤੈਨੂੰ ਕਣਕੇ , ਨੀ ਰੁੱਤ ਬੇਈਮਾਨ ਹੋ ਗਈ’ ਗੀਤ ਗਾ ਕੇ ਪੰਜਾਬ ਵਿੱਚ ਹੋਈ ਹਾੜੀ ਦੀ ਫ਼ਸਲ ਦੀ ਬਰਬਾਦੀ ਦਾ ਜ਼ਿਕਰ ਕਰਦਿਆਂ ਸਭ ਨੂੰ ਭਾਵੁਕ ਕਰ ਦਿੱਤਾ। ਉਸ ਤੋਂ ਬਾਅਦ ਵਿੱਚ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਨੇ ‘ਸਭ ਦੋਗਲੀ ਨੀਤੀ ਸੀ, ਚੁੰਗਲ ਖੋਰਾ ਦੇ ਦੱਸ ਕੀ ਕਹਿਣੇ’ ਕਵਿਤਾ ਸੁਣਾ ਕੇ ਸ਼ਹੀਦਾਂ ਦਾ ਗੁਣ-ਗਾਣ ਕੀਤਾ। ਪ੍ਰੋਫੈਸਰ ਅਮਾਨਤ ਅਲੀ ਜੀ (ਲਹਿੰਦੇ ਪੰਜਾਬ ਪਾਕਿਸਤਾਨ) ਤੋਂ ‘ਯਾਦਾਂ ਦਾ ਨਾ ਮੁੱਕਣ ਵਾਲਾ ਸਫ਼ਰ’ ਕਵਿਤਾ ਸੁਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਾਲ ਹੀ ਵੀਰ ਅਬਦੁੱਲ ਮਲਿਕ ਜੀ ਨੇ ਲਹਿੰਦੇ ਪੰਜਾਬ ਤੋਂ ਸਭ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।

ਪ੍ਰੋਗਰਾਮ ਦੇ ਅਖੀਰ ਵਿੱਚ  ਪ੍ਰਿੰਸੀਪਲ ਲਖਬੀਰ ਸਿੰਘ ਜੀ (ਪੰਜਾਬ) ਨੇ ਕਵੀ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਸਾਰੇ ਵਿਦਵਾਨਾਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ ਤੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਲਈ ਪੰਜਾਬੀ ਦੇ ਵਿਰਸੇ ਵਿਕਾਸ, ਸੱਭਿਆਚਾਰ ਲਈ ਉਪਰਾਲੇ ਕਰਦੇ ਰਹਿਣ ਦੀ ਆਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com

LEAVE A REPLY

Please enter your comment!
Please enter your name here