ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਵੀ ਦਰਬਾਰ
ਮਿਤੀ 28/09/25 ਦਿਨ ਐਤਵਾਰ ਨੂੰ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵਲੋਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੁਨੀਆਂ ਭਰ ਵਿੱਚ ਬੈਠੇ ਕਵੀ-ਕਵਿਤਰੀਆਂ ਨੇ ਇੱਕੋ ਮੰਚ ਤੇ ਭਾਗ ਲਿਆ ਤੇ ਮਾਂ ਬੋਲੀ ਪੰਜਾਬੀ ਦਾ ਆਪਣੀਆਂ ਕਲਮਾਂ ਨਾਲ ਲਿਖੀਆਂ ਕਵਿਤਾਵਾਂ ਤੇ ਗੀਤ ਗਾ ਕੇ ਗੁਣਗਾਣ ਕੀਤਾ।
ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਕਵੀ ਦਰਬਾਰ ਦੀ ਸ਼ੁਰੂਆਤ ਬਹੁਤ ਹੀ ਪਿਆਰੇ ਸ਼ੇਅਰ ਗਾਉਂਦਿਆਂ ਕੀਤੀ ਤੇ ਸਭ ਨੂੰ ਜੀ ਆਇਆਂ ਆਖਿਆ। ਸ਼ੇਅਰ ਦੇ ਬੋਲ ਵਾਹ ਕਮਾਲ ਸਨ।
“ਜੀ ਆਇਆਂ ਹਾਂ ਆਖਦਾ,
ਹੋਇਆ ਰੱਬੀ ਰੂਹਾਂ ਦੇ ਨਾਲ ਮੇਲ,
ਸੁਰ ਤਾਲ ਤੇ ਕਲਮ ਦਾ,
ਹੋਇਆ ਕਾਫ਼ਲੇ ਵਿੱਚ ਵੱਖਰਾ ਸੁਮੇਲ,
ਕੋਈ ਧਰਮ ਨਹੀਂ, ਕੋਈ ਜਾਤ ਨਹੀਂ,
ਨਾ ਹੀ ਕੋਈ ਉੱਚ ਨੀਚ ਦਾ ਭੇਦ,
ਐਨੀ ਦੂਰ ਬੈਠੇ ਫੇਰ ਵੀ ਸਭ ਮਿਲ ਗਏ,
ਸਭ ਹੈ ਮੁਕੱਦਰਾਂ ਦਾ ਖੇਲ”।
ਬਿੰਦਰ ਕੋਲੀਆਂ ਨਾਲ ਜੀ ਵਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੋਤੀ ਸ਼ਾਇਰ ਪੰਜਾਬੀ ਜੀ ਨੂੰ ਦਿੱਤੀ ਗਈ। ਮੋਤੀ ਸ਼ਾਇਰ ਪੰਜਾਬੀ ਜੀ ਨੇ
ਸਭ ਤੋਂ ਪਹਿਲਾ ਗ਼ਜ਼ਲਗੋ ਅਤਵਾਰ ਸਿੰਘ ਮਾਨ ਜੀ ਨੂੰ ਹਾਜ਼ਰੀ ਲਾਉਣ ਲਈ ਸੱਦਾ ਦਿੱਤਾ। ਉਹਨਾਂ ਨੇ ਬਹੁਤ ਸੋਹਣੀ ਅਵਾਜ਼ ਵਿੱਚ ਆਪਣੀ ਗ਼ਜ਼ਲ “ਆਪਣੀ ਜੇ ਉਲਝਣ ਵਿੱਚ ਪਿਆ ਹੈ ਤਾਂ ਸਮੇਂ ਤੇ ਫ਼ੈਸਲਾ ਛੱਡ ਦੇ” ਨਾਲ ਹਾਜ਼ਰੀ ਲਗਵਾਈ। ਮੰਚ ਤੇ ਪਹਿਲੀ ਗ਼ਜ਼ਲ ਨਾਲ ਹੀ ਅਵਤਾਰ ਸਿੰਘ ਜੀ ਨੇ ਮੰਚ ਤੇ ਬਾਕੀ ਸਾਰੇ ਕਵੀ ਕਵਿਤਰੀਆਂ ਤੋਂ ਵਾਹ ਵਾਹ ਕਰਵਾਈ ਤੇ ਕਵੀ ਦਰਬਾਰ ਦੀ ਚੰਗੀ ਸ਼ੁਰੂਆਤ ਕੀਤੀ।
ਮੋਤੀ ਸ਼ਾਇਰ ਪੰਜਾਬੀ ਨੇ ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਨਾਲ ਹੀ ਦੂਜਾ ਸੱਦਾ ਅਨੋਖ ਸਿੰਘ ਸਿੱਧੂ, ਰਾਜਸਥਾਨ ਨੂੰ ਦਿੱਤਾ। ਉਹਨਾਂ ਨੇ ਮਾਂ ਬੋਲੀ ਨੂੰ ਸਿਜਦਾ ਕੀਤਾ ਤੇ ਮਾਂ ਬੋਲੀ ਲਈ ਮਾੜੇ ਵਰਤਾਰੇ ਲਈ ਦੁੱਖ ਵੀ ਜ਼ਾਹਰ ਕੀਤਾ, ਉਹਨਾਂ ਦੀ ਕਵਿਤਾ ਦੇ ਬੋਲ ਕੁਝ ਇਸ ਤਰ੍ਹਾਂ ਸਨ, “ਮਾਂ ਬੋਲੀ ਰੁਲਦੀ ਫਿਰਦੀ ਹੈ ਆਪਣੇ ਆਦਰ ਤੇ ਸਤਿਕਾਰ ਲਈ”।
ਤੀਜਾ ਸੱਦਾ ਪਰਵਿੰਦਰ ਸਿੰਘ ਹੇਅਰ, ਬੰਬਈ ਜੀ ਨੂੰ ਦਿੱਤਾ ਗਿਆ ਤੇ ਉਹਨਾਂ ਬਹੁਤ ਹੀ ਸੋਹਣੀ ਤਰੰਨਮ ਵਿੱਚ ਗਜ਼ਲ “ਜੱਗ ਚੱਲੋ ਚੱਲੀ ਦਾ ਕਾਫ਼ਲਾ” ਗਾ ਕੇ ਸੁਣਾਈ ਤੇ ਸੰਗੀਤ ਜਗਤ ਦੇ ਸਿਤਾਰੇ ਸ੍ਰੀ ਚਰਨਜੀਤ ਅਹੂਜਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਸ ਤੋਂ ਬਾਅਦ ਹਾਸਿਆਂ ਦੀ ਪਟਾਰੀ ਭੈਣ ਜਸਵਿੰਦਰ ਕੌਰ ਮਿੰਟੂ ਜੀ ਨੂੰ ਸੱਦਾ ਦਿੱਤਾ ਗਿਆ। ਭੈਣ ਜੀ ਨੇ ਆਪਣੇ ਮਾਹੀਂ ਨੂੰ ਸੰਬੋਧਨ ਕਰਦੇ ਹੋਏ “ਆ ਬਹਿ ਮੇਰੇ ਕੋਲ ਵੇ ਸੱਜਣਾ” ਕਵਿਤਾ ਗਾ ਕੇ ਸਭ ਨੂੰ ਹਮੇਸ਼ਾ ਦੀ ਤਰ੍ਹਾਂ ਹਸਾਇਆ। ਉਸ ਤੋਂ ਬਾਅਦ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ
ਨੂੰ ਸੱਦਾ ਦਿੱਤਾ ਗਿਆ ਤੇ ਉਹਨਾਂ ਨੇ ਵੀ ਆਪਣੇ ਸੱਜਣ ਨੂੰ ਸੰਬੋਧਨ ਕਰਦੇ ਹੋਏ ਗੀਤ ਗਾਇਆ ਜਿਸ ਦੇ ਬੋਲ ਸਨ, “ਐਵੇਂ ਮਾਰ ਨਾ ਬਹੁਤੀ ਝੱਲ ਵੇ ਸੱਜਣਾ,ਆਹ ਬਹਿ ਕੱਢੀਏ ਕੋਈ ਹੱਲ ਵੇ ਸੱਜਣਾ”।
ਮੋਤੀ ਸ਼ਾਇਰ ਪੰਜਾਬੀ ਨੇ ਬਿੰਦਰ ਜੀ ਦਾ ਧੰਨਵਾਦ ਕਰਦਿਆਂ ਅਗਲਾ ਸੱਦਾ ਪਟਿਆਲੇ ਤੋਂ ਸੁਰੀਲੇ ਗਾਇਕ ਮੰਗਤ ਖਾਨ ਜੀ ਨੂੰ ਦਿੱਤਾ। ਉਹਨਾਂ ਨੇ “ਰੁਕ ਨੀ ਹਵਾਏ ਕੁਝ ਰੁੱਖਾਂ ਨੂੰ ਤਾਂ ਕਹਿਣ ਦੇ” ਗਾ ਕੇ ਸਭ ਦਾ ਦਿਲ ਲੁੱਟ ਲਿਆ। ਉਸ ਤੋਂ ਬਾਅਦ ਬਾਜਵਾ ਸਿੰਘ ਜੀ ਵੱਲੋਂ “ਆਪਣੇ ਹਾਲਾਤ ਹੈ ਪੰਜਾਬ ਦੱਸਦਾ” ਗੀਤ ਗਾਇਆ ਗਿਆ ਜਿਸ ਨੇ ਸੁਰੀਲੀ ਆਵਾਜ਼ ਦੇ ਨਾਲ ਨਾਲ ਮੰਚ ਤੇ ਬੈਠੇ ਸਾਰੇ ਮੈਂਬਰਾਂ ਨੂੰ ਪੰਜਾਬ ਦੇ ਵਿਗੜੇ ਹਾਲਾਤਾਂ ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਗੀਤ ਦੇ ਬੋਲ ਪੰਜਾਬ ਦੇ ਉਹਨਾਂ ਮਾੜੇ ਹਾਲਾਤਾਂ ਦੀ ਝਲਕ ਪੇਸ਼ ਕਰ ਗਿਆ ਜੋ ਸ਼ਾਇਦ ਕਈ ਸਾਲਾਂ ਤੱਕ ਵੀ ਸੁਧਾਰੇ ਨਹੀਂ ਜਾ ਸਕਦੇ।
ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਰਾਜਵੀਰ ਜਵੰਦਾ ਨਾਲ ਹੋਏ ਭਿਆਨਕ ਹਾਦਸੇ ਸਬੰਧੀ ਦੁੱਖ ਪ੍ਰਗਟਾਉਂਦਿਆਂ “ਪੰਜਾਬ ਨੂੰ ਬਚਾ ਲਵੋ, ਇਨਸਾਨ ਨੂੰ ਬਚਾ ਲਵੋ” ਕਵਿਤਾ ਵਿੱਚ ਪੰਜਾਬ ਵਿੱਚ ਅਵਾਰਾ ਪਸ਼ੂਆਂ ਤੇ ਭ੍ਰਿਸ਼ਟ ਰਾਜਨੀਤੀ ਬਾਰੇ ਕਵਿਤਾ ਪੜ੍ਹੀ।
ਲਾਡੀ ਝੋਕੇ ਵਾਲਾ ਨੇ ਆਪਣੀ ਕਵਿਤਾ ਰਾਹੀ ਪੰਜਾਬ ਵਿੱਚ ਆਏ ਹੜ੍ਹਾਂ ਦਾ ਦਰਦ ਬਿਆਨ ਕਰਦਿਆਂ ਇਨਸਾਨ ਨੂੰ ਸੁਚੇਤ ਰਹਿਣ ਲਈ ਕਹਿੰਦਿਆਂ “ਪਾਪ ਦੇਖ ਧਰਤੀ ਤੇ ਰੱਬ ਵੀ ਰੋਈ ਜਾਂਦਾ ਏ” ਕਵਿਤਾ ਬਹੁਤ ਪਿਆਰੇ ਅੰਦਾਜ਼ ਵਿੱਚ ਪੇਸ਼ ਕੀਤੀ।
ਸੋਹਣ ਸਿੰਘ ਸੁਨੀਲਾ ਜੀ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ, ਉਹਨਾਂ ਦੇ ਵਿਆਹ ਦੀ ਘੋੜੀ ਗਾਈ, “ਆਓ-ਆਓ ਭੈਣੇ ਰਲ ਗਾਓ ਘੋੜੀਆਂ, ਜੰਞ ਤੇ ਹੋਈ ਤਿਆਰ ਹਾਂ”। ਉਹਨਾਂ ਨੇ ਇਹ ਘੋੜੀ ਬਿਲਕੁਲ ਪੁਰਾਤਨ ਤੇ ਵਿਰਾਸਤੀ ਲੈਅ ਵਿੱਚ ਗਾ ਕੇ ਸਭ ਦਾ ਮਨ ਮੋਹ ਲਿਆ। ਉਸ ਤੋਂ ਬਾਅਦ ਗੁਰਮੀਤ ਸਿੰਘ ਮੱਲ੍ਹੀ ਜੀ, ਇਟਲੀ ਵਲੋਂ ਡਰਾਈਵਰ ਵੀਰਾ ਲਈ ਬਹੁਤ ਸੋਹਣਾ ਗੀਤ ਗਾਇਆ ਗਿਆ ਜਿਸ ਦੇ ਬੋਲ ਸਨ,
“ਕੀਤੀ ਮਿਹਨਤ ਰੰਗ ਲਾਉਂਦੀ ਏ,ਤਾਂਈਓ ਡਾਲਰਾਂ ਦਾ ਮੀਂਹ ਵਰਦਾ ਏ”। ਮੱਲ੍ਹੀ ਜੀ ਨੇ ਆਪਣੇ ਗੀਤ ਵਿੱਚ ਡਰਾਈਵਰ ਵੀਰਾ ਦੀ ਮਿਹਨਤ ਤੇ ਤਸ਼ੱਦਦ ਦੀ ਗੱਲ ਬਹੁਤ ਨੇੜਿਓਂ ਤੱਕਦਿਆਂ ਕੀਤੀ।
ਅਗਲੇ ਸੱਦੇ ਤੇ ਸਰਦੂਲ ਸਿੰਘ ਭੱਲਾ ਜੀ ਨੇ ਕੁੱਖਾਂ ਵਿੱਚ ਮਾਰੀਆਂ ਜਾਂਦੀਆਂ ਧੀਆਂ ਦੀ ਗੱਲ ਕਰਦਿਆਂ ਕਵਿਤਾ ਗਾਈ ਜਿਸ ਦੇ ਬੋਲ ਸਨ, “ਹੋਇਆਂ ਕੀ ਜੇ ਧੀ ਜੰਮ ਪਈ, ਮਾਏ ਕੁੱਖ ਤਾਂ ਸੁਲੱਖਣੀ ਹੋਈ”
ਜਸਵਿੰਦਰ ਸਿੰਘ ਢਿੱਲੋਂ ਅਤੇ ਬਲਵੀਰ ਸਿੰਘ ਬੇਲੀ ਜੀ ਦੀ ਜੋੜੀ ਨੇ ਮੰਚ ਉੱਤੇ ਕਵੀਸ਼ਰੀ ਰੰਗ ਪੇਸ਼ ਕੀਤਾ ਤੇ ਮੰਚ ਤੇ ਹਾਜ਼ਰ ਸਾਰੇ ਕਵੀ ਕਵਿਤਰੀਆਂ ਨੂੰ ਪਿੱਛੇ ਛੱਡ ਦਿੱਤਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਰਜੋਈ ਕਰਦਿਆਂ “ਕਵੀਆਂ ਦੀ ਬੰਦਨਾ ਹੈ ਜੀ, ਤ੍ਰਿਪਤਾ ਦੇ ਲਾਲ ਨੂੰ” ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਗਾਇਆ।
ਕਵੀ ਦਰਬਾਰ ਵਿੱਚ ਲਹਿੰਦੇ ਪੰਜਾਬ ਤੋਂ ਮਾਂ ਬੋਲੀ ਪੰਜਾਬੀ ਦੇ ਸਪੁੱਤਰ ਪ੍ਰੋਫੈਸਰ ਅਮਾਨਤ ਅਲੀ ਜੀ ਨੇ “ਬਾਪ ਜਿਹਾ ਨਾ ਡਿੱਠਾ ਫੁੱਲ ਜੱਗ ਉੱਤੇ” ਵਿੱਚ ਬਾਪੂ ਦੀ ਸਿਫ਼ਤ ਬਿਆਨ ਕੀਤੀ। ਮੰਚ ਸੰਚਾਲਕ ਦੇ ਨਾਲ ਨਾਲ ਮੋਤੀ ਸ਼ਾਇਰ ਪੰਜਾਬੀ ਨੇ ਆਪਣੀ ਹਾਜ਼ਰੀ “ਨੀਦ ਵੇ ਅਸਾਡੜੀ ਦੇ ਨੈਣਾਂ ਵਿੱਚ ਤਾਰਿਆ, ਤੂੰ ਪਾ ਜਾ ਇੱਕ ਸੁਪਨ ਸਲਾਈ ਵੇ” ਗੀਤ ਗਾ ਕੇ ਲਗਵਾਈ। ਪ੍ਰੋਗਰਾਮ ਦੇ ਅਖੀਰ ਵਿੱਚ ਕਵੀਸ਼ਰੀ ਦੇ ਰੂਪ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ “ਭਗਤ ਸਿੰਘ ਨੂੰ ਜਨਮ ਦਿਨ ਦੀਆਂ ਹੋਣ ਵਧਾਈਆਂ” ਨਾਲ ਬਲਬੀਰ ਸਿੰਘ ਬੇਲੀ ਅਤੇ ਜਸਵਿੰਦਰ ਸਿੰਘ ਢਿੱਲੋਂ ਨੇ ਫੇਰ ਤੋਂ ਕਵੀਸ਼ਰੀ ਰੰਗ ਬੰਨ੍ਹਿਆ ਤੇ ਪ੍ਰੋਗਰਾਮ ਨੂੰ ਸਿਖਰਲੇ ਪੜਾਅ ਤੇ ਪਹੁੰਚਾ ਦਿੱਤਾ।
ਕਵੀ ਦਰਬਾਰ ਦੀ ਸਮਾਪਤੀ ਤੋਂ ਪਹਿਲਾਂ ਗੁਰਮੀਤ ਸਿੰਘ ਮੱਲ੍ਹੀ ਜੀ ਵੱਲੋਂ ਕਵੀ ਦਰਬਾਰ ਵਿੱਚ ਹਾਜ਼ਰ ਸਾਰੇ ਕਵੀ-ਕਵਿਤਰੀਆਂ ਦੇ ਨਾਲ ਨਾਲ ਲਾਈਵ ਪ੍ਰੋਗਰਾਮ ਦੇਖ ਰਹੇ ਸਰੋਤਿਆਂ ਦਾ ਸਤਿਕਾਰ ਸਹਿਤ ਸ਼ੁਕਰੀਆ ਕੀਤਾ ਗਿਆ। ਜੇਕਰ ਤੁਸੀਂ ਇਸ ਕਵੀ ਦਰਬਾਰ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ “ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ” ਤੇ ਅਤੇ ਬਿੰਦਰ ਕੋਲੀਆਂ ਵਾਲ ਯੂ ਟਿਊਬ ਚੈਨਲ ਤੇ ਮਾਣ ਸਕਦੇ ਹੋ ਜੀ।
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।
ਸਰਬਜੀਤ ਸਿੰਘ ਜਰਮਨੀ