ਖਾਲਸਾ ਅਕੈਡਮੀ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਚ ਹੋਇਆ ਅਰਦਾਸ ਦਿਵਸ
ਖਾਲਸਾ ਹਸਪਤਾਲ ਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ ਵੈਂਟੀਲੇਟਰ ਦਾ ਉਦਘਾਟਨ
ਮਹਿਤਾ/ਅੰਮ੍ਰਿਤਸਰ, 11 ਫਰਵਰੀ (ਬਲਰਾਜ ਸਿੰਘ ਰਾਜਾ) – ਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ, ਮਹਿਤਾ ਚੌਂਕ ਵਿਖੇ ਮਿਤੀ 11/02/2026 ਦਿਨ ਬੁੱਧਵਾਰ ਨੂੰ ਕਲਾਸ ਦਸਵੀਂ ਅਤੇ ਬਾਰਵੀਂ ਦੇ ਬੋਰਡ ਪ੍ਰੀਖਿਆਵਾਂ ਅਤੇ ਸ਼ਾਨਦਾਰ ਨਤੀਜਿਆਂ ਲਈ ਅਰਦਾਸ ਦਿਵਸ ਮਨਾਇਆ ਗਿਆ। ਸਕੂਲ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਇਆ ਗਿਆ ਸੀ। ਪਾਠ ਦੇ ਭੋਗ ਉਪਰੰਤ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੀਰਤਨ ਕੀਤਾ ਗਿਆ। ਇਸ ਅਰਦਾਸ ਵਿੱਚ ਕਲਾਸ ਨਰਸਰੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੇ ਹਾਜ਼ਰੀ ਭਰੀ।
ਇਸ ਅਰਦਾਸ ਸਮਾਗਮ ਵਿੱਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਸੈਰ ਸਪਾਟਾ ਅਤੇ ਸੱਭਿੱਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਧ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਨੇ ਅਰਦਾਸ ਸਮਾਗਮ ਵਿੱਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਧਾਰਮਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਾਮਿਸਾਲ ਹਨ। ਇਸ ਉਪਰੰਤ ਕੈਬਨਿਟ ਮੰਤਰੀ ਸੌਂਦ ਨੇ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਹੌਸਪੀਟਲ ਵਿੱਚ ਨਵੇਂ ਵੇਂਟਿਲੇਟਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਸੰਤ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਐੱਸ.ਡੀ.ਐੱਮ. ਮਜੀਠਾ ਪ੍ਰੀਤ ਇੰਦਰ ਸਿੰਘ ਬੈਂਸ, ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ: ਜਤਿੰਦਰ ਸ਼ਰਮਾ, ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ, ਪ੍ਰਿੰ: ਗੁਰਦੀਪ ਸਿੰਘ ਰੰਧਾਵਾ, ਗਿਆਨੀ ਸਾਹਿਬ ਸਿੰਘ ਜੀ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।






