ਪੱਟੀ ਅਕਤੂਬਰ 16
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕਮਿਸ਼ਨਰ (ਫੂਡ ਐਂਡ ਡਰੱਗਸ) ਪੰਜਾਬ, ਸ਼੍ਰੀ ਦਿਲਰਾਜ ਸਿੰਘ ਅਤੇ ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਰਹਿਨੁਮਾਈ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਅਤੇ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਦੀ ਦੇਖ ਰੇਖ ਹੇਠ ਜਿਲੇ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਤਿਉਹਾਰਾਂ ਦੇ ਮੱਦੇ ਨਜ਼ਰ ਅੱਜ ਜ਼ਿਲਾ ਤਰਨ ਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਅਤੇ ਪੱਟੀ ਵਿਖੇ ਮਿਠਾਈਆਂ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕਰ ਤਿਆਰ ਕੀਤੀਆਂ ਗਈਆਂ ਮਿਠਾਈਆਂ ਦੇ ਸੈਂਪਲ ਅਗਲੇਰੀ ਜਾਂਚ ਲਈ ਭੇਜੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਵਿੰਗ ਵੱਲੋਂ ਡੇਅਰੀਆਂ ਅਤੇ ਮਿਠਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਡੇਅਰੀ ਮਾਲਕ, ਹਲਵਾਈ, ਰੈਸਟੋਰੈਂਟ, ਢਾਬੇ ਜਾਂ ਫਿਰ ਰੇਹੜੀਆਂ ਵਾਲੇ ਘਟੀਆ ਪੱਧਰ ਦਾ ਸਮਾਨ ਵੇਚਦੇ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਖੇਮਕਰਨ ਅਤੇ ਪੱਟੀ ਦੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਲਈ ਇੱਕ ਜਾਗਰੂਕਤਾ ਸੈਮੀਨਾਰ ਵੀ ਲਗਾਇਆ ਗਿਆ।ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਕਿਹਾ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਕਰਕੇ ਮਿਠਾਈਆਂ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਤਿਆਰ ਕੀਤੀਆਂ ਮਿਠਾਈਆਂ ਦੇ 3 ਸੈਂਪਲ ਖਰੜ ਲੈਬੋਰਟਰੀ ਵਿਖੇ ਭੇਜੇ ਗਏ ਹਨ। ਉਨਾਂ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਮਿਠਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਨਕਲੀ ਚਾਂਦੀ ਦੇ ਵਰਕ ਅਤੇ ਮਿਠਾਈਆਂ ਲਈ ਵਰਤੇ ਜਾਣ ਵਾਲੇ ਰੰਗਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਦੁਕਾਨਦਾਰ ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਘਟੀਆ ਪੱਧਰ ਦਾ ਸਮਾਨ ਨਾ ਤਿਆਰ ਕਰਨ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਕਿਹਾ ਕਿ ਮੌਜੂਦਾ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਡੇਅਰੀ ਮਾਲਕਾਂ ਅਤੇ ਹਲਵਾਈਆਂ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਕੰਮ ਕਾਜ ਵਾਲੇ ਸਥਾਨ ‘ਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਖੀ ਮੱਛਰ ਦੇ ਪੈਦਾ ਹੋਣ ਦਾ ਖਦਸਾ ਨਾ ਬਣੇ।
ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਹਲਵਾਈਆਂ ਨੂੰ ਮਿਠਾਈਆਂ ਵਾਸਤੇ ਸਿਰਫ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਢੰਡ ਅਥਾਰਟੀ ਵੱਲੋਂ ਮਨਜ਼ੂਰਸ਼ੁਦਾ ਰੰਗ ਵਰਤਣ ਦੀ ਹਿਦਾਇਤ ਜਾਰੀ ਕੀਤੀ ਗਈ।ਉਹਨਾਂ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਵਸਤੂਆਂ ਲਈ ਲੋੜੀਂਦਾ ਤਾਪਮਾਨ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ ਤਾਂ ਜੋ ਵਸਤੂਆਂ ਖਰਾਬ ਨਾ ਹੋਣ। ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਮੌਜੂਦ ਰਹੇ।







