ਗਲਾਸਗੋ ‘ਚ ਮਨਾਇਆ ਗਿਆ ਮਹਾਨ ਤਪੱਸਵੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ

0
8
ਗਲਾਸਗੋ ‘ਚ ਮਨਾਇਆ ਗਿਆ ਮਹਾਨ ਤਪੱਸਵੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ
ਬੁੱਢਾ ਦਲ ਗਲਾਸਗੋ ਦੇ ਉਪਰਾਲੇ ਦੀ ਸੰਗਤਾਂ ਵੱਲੋਂ ਪੁਰਜ਼ੋਰ ਸ਼ਲਾਘਾ
ਗਲਾਸਗੋ , 28 ਅਕਤੂਬਰ 2025
ਸਿੱਖ ਧਰਮ ਵਿੱਚ ਬਾਬਾ ਬੁੱਢਾ ਜੀ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਗੁਰਦੁਆਰਾ ਗਲਾਸਗੋ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਬੁੱਢਾ ਦਲ ਗਲਾਸਗੋ ਦੇ ਉਪਰਾਲੇ ਨਾਲ ਹੋਏ ਸਮਾਗਮਾਂ ਦੌਰਾਨ ਗੁਰੂਘਰ ਦੇ ਵਜੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ ਤੇ ਭਾਈ ਗਗਨਦੀਪ ਸਿੰਘ ਦੇ ਜੱਥੇ ਅਤੇ ਸਥਾਨਕ ਜੱਥਿਆਂ ਵੱਲੋਂ ਕੀਰਤਨ ਤੇ ਕਥਾ ਵਿਚਾਰ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਵਿਸ਼ਵ ਪ੍ਰਸਿੱਧ ਕਵੀਸ਼ਰ “ਜਾਗੋ ਵਾਲੇ ਜੱਥੇ” ਵੱਲੋਂ ਆਪਣੀਆਂ ਪ੍ਰਸਿੱਧ ਕਵੀਸ਼ਰੀਆਂ ਰਾਹੀਂ ਆਪਣੀ ਹਾਜ਼ਰ ਲਗਵਾਈ। ਗੁਰੂਘਰ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ ਵੱਲੋਂ ਆਪਣੇ ਸੰਬੋਧਨ ਦੌਰਾਨ ਬਾਬਾ ਬੁੱਢਾ ਦਲ ਦੇ ਸਮੂਹ ਸੇਵਾਦਾਰਾਂ ਤੇ ਹਾਜ਼ਰ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਵੱਲੋਂ ਬਾਬਾ ਬੁੱਢਾ ਜੀ ਦੇ ਜਨਮ ਦਿਵਸ ਨੂੰ ਯਾਦਗਾਰੀ ਬਣਾਇਆ। ਬਾਬਾ ਬੁੱਢਾ ਦਲ ਦੇ ਸੇਵਾਦਾਰ ਹਰਜੀਤ ਸਿੰਘ ਖਹਿਰਾ, ਮੱਖਣ ਸਿੰਘ, ਜਗਜੀਤ ਸਿੰਘ ਪੁਰਬਾ, ਮਨਜੀਤ ਸਿੰਘ ਬਸਰਾ, ਸੁਖਬੀਰ ਸਿੰਘ ਮਾਨ, ਮਨਜੀਤ ਸਿੰਘ, ਤੀਰਥ ਸਿੰਘ ਰੰਧਾਵਾ ਆਦਿ ਸਮੇਤ ਸਮੂਹ ਸੇਵਾਦਾਰਾਂ ਵੱਲੋਂ ਅਣਥੱਕ ਸੇਵਾਵਾਂ ਰਾਹੀਂ ਹਾਜਰੀ ਲਗਵਾਈ। ਹਰਜੀਤ ਸਿੰਘ ਖਹਿਰਾ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਬਾ ਬੁੱਢਾ ਦਲ ਗਲਾਸਗੋ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਰਾਹੀਂ ਸੇਵਾ ਕਰਦਾ ਆ ਰਿਹਾ ਹੈ। ਉਹਨਾਂ ਸਕਾਟਲੈਂਡ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ, ਜਿਹਨਾਂ ਵੱਲੋਂ ਇਹਨਾਂ ਸਮਾਗਮਾਂ ਵਿੱਚ ਨਿਸ਼ਕਾਮ ਹਾਜ਼ਰੀਆਂ ਭਰੀਆਂ।

LEAVE A REPLY

Please enter your comment!
Please enter your name here