ਜਮਹੂਰੀ ਲਹਿਰ ਨੂੰ ਫਾਸ਼ੀਵਾਦ ਦੇ ਹਮਲੇ ਤੋਂ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ: ਪ੍ਰੋ ਜਗਮੋਹਣ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਤਰਕਸ਼ੀਲ ਭਵਨ ਵਿਖੇ ਸ਼ੁਰੂ

0
18
ਬਰਨਾਲਾ, 15 ਜੂਨ, 2024: ਸਥਾਨਕ ਤਰਕਸ਼ੀਲ ਭਵਨ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ 17ਵਾਂ ਡੈਲੀਗੇਟ ਇਜਲਾਸ ਵਿੱਚ ਹਰੀ ਸਿੰਘ ਤਰਕ, ਪ੍ਰੋ ਅਜਮੇਰ ਸਿੰਘ ਔਲਖ, ਨਾਮਦੇਵ ਭੁਟਾਲ, ਸੁਰਜੀਤ ਪਾਤਰ, ਐਡਮਿਰਲ ਰਾਮਦੌਸ, ਸ਼ੁਭ ਕਰਨ ਸਿੰਘ ਆਦਿ ਵਿਛੜੇ  ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ੁਰੂ ਹੋਇਆ। ਜਿਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਤੋਂ 94 ਡੈਲੀਗੇਟ ਅਤੇ 10 ਦਰਸ਼ਕਾਂ ਨੇ ਭਾਗ ਲਿਆ।
ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਜਰਨਲ ਸਕੱਤਰ ਦਵਿੰਦਰ ਰਣੀਆਂ, ਪ੍ਰੋ ਏ ਕੇ ਮਲੇਰੀ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਜਿੰਦਰ ਸਿੰਘ ਭਦੌੜ, ਜਗਜੀਤ ਸਿੰਘ ਢਿੱਲੋਂ, ਡਾ.  ਜਸਬੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਏ ਖੁੱਲ੍ਹੇ ਸੈਸ਼ਨ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ “ਫਾਸ਼ੀਵਾਦੀ ਦੌਰ ਵਿੱਚ ਜਮਹੂਰੀ ਹੱਕ” ਵਿਸ਼ੇ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਮਹੂਰੀ ਲਹਿਰ ਅੱਗੇ ਭਵਿੱਖ ਵਿੱਚ ਹੋਰ ਵੀ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਜਮਹੂਰੀ ਲਹਿਰ ਅੱਗੇ ਮੁੱਖ ਕਾਰਜ ਫਾਸ਼ੀਵਾਦ ਦਾ ਸਾਹਮਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਵੀਂ ਬਣੀ ਮੋਦੀ ਸਰਕਾਰ ਫਾਸ਼ੀਵਾਦੀ ਕਦਮਾਂ ਨੂੰ ਹੋਰ ਵੀ ਤੇਜ਼ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਕ ਸਾਰ ਸਿਵਲ ਕੋਡ ਨੂੰ ਹੋਰ ਵੀ ਤੇਜ਼ੀ ਨਾਲ ਲਿਆਉਣ,ਨਵੇਂ ਅਪਰਾਧਿਕ ਕਾਨੂੰਨਾਂ ਨੂੰ ਜੁਲਾਈ ਵਿੱਚ ਲਾਗੂ ਕਰਨ ਦਾ ਐਲਾਨ, ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਨਿਧੜਕ ਲੇਖਿਕਾ ਅਰੂੰਧਿਤੀ ਰਾਏ ਵਿਰੁੱਧ 14 ਸਾਲ ਪੁਰਾਣੇ ਇਕ ਮਾਮਲੇ ਵਿੱਚ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਦੇਣਾ ਸਰਕਾਰ ਦੇ ਭਵਿੱਖੀ  ਫਾਸ਼ੀਵਾਦੀ ਮਨਸੂਬਿਆਂ ਨੂੰ ਦਰਸਾਉਂਦਾ ਹੈ।
ਇਸ ਮੌਕੇ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਅਤੇ ਚਰਚਿਤ ਸ਼ਖਸੀਅਤ ਰਜਨੀ ਐਕਸ ਡੇਸਾਈ ਵਲੋਂ ਭੇਜਿਆ ਗਿਆ ਲਿਖਤੀ ਸੰਦੇਸ਼ ਨਰਭਿੰਦਰ ਨੇ ਪੜ੍ਹਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਸਰਕਾਰ ਸੰਸਥਾਵਾਂ, ਮੀਡੀਆ, ਹਕੂਮਤੀ ਅਦਾਰਿਆਂ ਦੀ ਵਰਤੋਂ ਕਰਕੇ ਵਿਰੋਧੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਹ ਦੱਬ ਨਹੀਂ ਸਕਦੀ।ਕੋਆਰਡੀਨੇਸ਼ਨ ਡੈਮੋਕ੍ਰੇਟਿਕ ਰਾਈਟਸ ਆਰਗੇਨਾਈਜੇਸ਼ਨ (ਸੀਡੀਆਰਓ) ਤੀਸਰੀ ਦੁਨੀਆਂ ਦੇ ਸੰਪਾਦਕ ਆਨੰਦ ਸਰੂਪ ਵਰਮਾ ਦੇ ਆਏ ਭਰਾਤਰੀ ਸੰਦੇਸ਼ ਪੜ੍ਹਕੇ ਸੁਣਾਏ ਗਏ। ਇਜ਼ਲਾਸ ਦੇ ਪਹਿਲੇ ਸੈਸ਼ਨ ਦੀ ਸੂਬਾ  ਸਕੱਤਰ ਪ੍ਰਿਤਪਾਲ ਸਿੰਘ ਨੇ ਅੱਜ ਦੇ ਹਾਲਾਤ ‘ਤੇ ਵਿਚਾਰ ਚਰਚਾ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਡਾ ਅਜੀਤ ਪਾਲ, ਤਰਸੇਮ ਧੂਰੀ, ਅਤੇ ਜਸਬੀਰ ਸਿੰਘ ਨਵਾਂ ਸ਼ਹਿਰ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਰਿਪੋਰਟ ‘ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਮਹੂਰੀ ਅਧਿਕਾਰ ਸਭਾ ਪੰਜਾਬ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਂਝੀ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਡੈਲੀ ਗੇਟਾਂ, ਦਰਸ਼ਕਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਸਕੱਤਰ  ਬਰਨਾਲਾ ਬਿੱਕਰ ਸਿੰਘ ਔਲਖ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

LEAVE A REPLY

Please enter your comment!
Please enter your name here