ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਸ. ਸਰਬਜੀਤ ਸਿੰਘ ਝਿੰਜਰ ਨੇ ਘਨੌਰ ਹਲਕੇ ਦੇ ਵੱਖ–ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ

0
5

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਸ. ਸਰਬਜੀਤ ਸਿੰਘ ਝਿੰਜਰ ਨੇ ਘਨੌਰ ਹਲਕੇ ਦੇ ਵੱਖ–ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ

ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਰਸਾਉਂਦਾ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ: ਝਿੰਜਰ

ਗੁਰਲਾਲ ਘਨੌਰ ਨੇ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਚੋਰੀ ਕਰ ਕੇ ਬੇਸ਼ਰਮੀ ਅਤੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ: ਝਿੰਜਰ

10 ਦਸੰਬਰ 2025, ਪਟਿਆਲਾ

ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਘਨੌਰ ਇੰਚਾਰਜ ਸ. ਸਰਬਜੀਤ ਸਿੰਘ ਝਿੰਜਰ ਅਤੇ ਚੋਣ ਇੰਚਾਰਜ ਜਥੇਦਾਰ ਜਸਮੇਰ ਸਿੰਘ ਲਾਛੜੂ ਜੀ ਨੇ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵੱਖ–ਵੱਖ ਪਿੰਡਾਂ ਵਿੱਚ ਲੋਕ ਮਿਲਣੀਆਂ ਕੀਤੀਆਂ। ਇਸ ਦੌਰਾਨ ਉਹਨਾਂ ਨੇ ਢਕਾਨਸੂ, ਗੋਪਾਲਪੁਰ, ਨੇਪਰਾ, ਥੂਹਾ, ਮੋਹੀ ਕਲਾਂ, ਬਸਮਾ, ਤੇਪਲਾ, ਸ਼ੰਭੂ ਕਲਾਂ, ਅਲੀ ਮਾਜਰਾ, ਘੱਗਰ ਸਰਾਂ ਅਤੇ ਸ਼ੀਰਾ ਆਦਿ ਪਿੰਡਾਂ ਵਿੱਚ ਸਥਾਨਕ ਨਿਵਾਸੀਆਂ ਨਾਲ ਸੰਵਾਦ ਕੀਤਾ।

ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਲੋਕ ਚੋਣ ਪ੍ਰਕਿਰਿਆ ਵਿੱਚ ਵੱਡੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਗੱਲ ਸਾਫ਼ ਦਰਸਾਉਂਦਾ ਹੈ ਕਿ ਹਲਕਾ ਘਨੌਰ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਦੇਖਣਾ ਚਾਹੁੰਦੀ ਹੈ। ਹਲਕਾ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੇ ਪੂਰੀ ਟੀਮ ਵਿੱਚ ਨਵਾਂ ਜੋਸ਼ ਭਰਿਆ ਹੈ।

ਹਲਕੇ ਦੇ ਨਿਵਾਸੀਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪਿੰਡਾਂ ਦੇ ਵਿਕਾਸ, ਕਿਸਾਨਾਂ ਦੀ ਭਲਾਈ, ਧਾਰਮਿਕ ਸਥਾਨਾਂ ਦੀ ਸੰਭਾਲ ਅਤੇ ਨੌਜਵਾਨਾਂ ਲਈ ਰੁਜ਼ਗਾਰ ਮੌਕਿਆਂ ਨੂੰ ਆਪਣੀ ਪਹਿਲ ਦਿੱਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਜੋ ਕੰਮ ਕਰਕੇ ਦਿਖਾਏ, ਉਹਨਾਂ ਦੀ ਬਰਾਬਰੀ ਅੱਜ ਤੱਕ ਕੋਈ ਹੋਰ ਪਾਰਟੀ ਨਹੀਂ ਕਰ ਸਕੀ। ਲੋਕਾਂ ਨੇ ਭਰੋਸਾ ਜਤਾਇਆ ਕਿ ਇਸ ਵਾਰ ਵੀ ਉਹ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ, ਤਾਂ ਜੋ ਹਲਕਾ ਘਨੌਰ ਵਿੱਚ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲਣ ਅਤੇ ਹਰ ਵਰਗ ਨੂੰ ਨਿਆਂ ਮਿਲ ਸਕੇ।

ਹਲਕੇ ਦੇ ਕਈ ਪਿੰਡਾਂ ਵਿੱਚ ਲੋਕਾਂ ਨੇ ਖੁੱਲ੍ਹੇ ਤੌਰ ’ਤੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ, ਝੂਠੇ ਵਾਅਦਿਆਂ ਅਤੇ ਝੂਠੇ ਲਟੇਰੇ ਐਲਾਨਾਂ ਤੋਂ ਤੰਗ ਆ ਚੁੱਕੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਹੜੇ ਬਦਲਾਅ ਅਤੇ ਸੁਵਿਧਾਵਾਂ ਦੇ ਸੁਪਨੇ ਦਿਖਾਏ ਗਏ ਸਨ, ਉਹ ਕਾਗਜ਼ਾਂ ਤੋਂ ਅੱਗੇ ਕਦੇ ਨਹੀਂ ਵਧੇ। ਲੋਕਾਂ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ—ਖੇਤੀਬਾੜੀ, ਸਿੱਖਿਆ, ਸਿਹਤ, ਰੁਜ਼ਗਾਰ—ਵਿੱਚ ਨਿਰਾਸ਼ਾ ਅਤੇ ਮਾਯੂਸੀ ਹੀ ਹੱਥ ਲੱਗੀ ਹੈ। ਇਸ ਕਾਰਨ ਹੀ ਹਲਕੇ ਦੀ ਜਨਤਾ ਹੁਣ ਫਿਰ ਇੱਕ ਸਥਿਰ, ਨਿਰਪੱਖ ਅਤੇ ਤਜਰਬੇਕਾਰ ਲੀਡਰਸ਼ਿਪ ਚਾਹੁੰਦੀ ਹੈ, ਜੋ ਸਿਰਫ਼ ਵਾਅਦੇ ਨਾ ਕਰੇ ਸਗੋਂ ਮੈਦਾਨ ਵਿੱਚ ਖੜ੍ਹ ਕੇ ਕੰਮ ਕਰੇ।

ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਾਕਾਮ ਨੀਤੀਆਂ ਅਤੇ ਤਾਨਾਸ਼ਾਹੀ ਰਵੱਈਏ ਤੋਂ ਪੰਜਾਬ ਦੀ ਜਨਤਾ ਬਹੁਤ ਤੰਗ ਆ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੇ ਆਪਣੀ ਅੱਖੀਂ ਦੇਖ ਲਿਆ ਹੈ ਕਿ ਝੂਠੇ ਵਾਅਦੇ ਕਰਕੇ ਅਤੇ ਖੋਖਲੇ ਸੁਪਨੇ ਦਿਖਾ ਕੇ ਇਹ ਪਾਰਟੀ ਸਿਰਫ਼ ਲੋਕਾਂ ਨੂੰ ਭਰਮਾਉਣ ਦਾ ਕੰਮ ਕਰਦੀ ਰਹੀ। ਝਿੰਜਰ ਨੇ ਕਿਹਾ ਕਿ ਘਨੌਰ ਹਲਕੇ ਦੀ ਜਨਤਾ ਹੁਣ ਬਦਲਾਅ ਨਹੀਂ, ਸਗੋਂ ਇਮਾਨਦਾਰ, ਤਜਰਬੇਕਾਰ ਅਤੇ ਜ਼ਮੀਨੀ ਸਿਆਸਤ ਚਾਹੁੰਦੀ ਹੈ, ਜੋ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਜਜ਼ਬਾ ਅਤੇ ਸਮਰਥਨ ਅੱਜ ਪਿੰਡਾਂ ਵਿੱਚ ਦਿੱਸ ਰਿਹਾ ਹੈ, ਉਹ ਇਸ ਗੱਲ ਦਾ ਸਪੱਸ਼ਟ ਇਸ਼ਾਰਾ ਹੈ ਕਿ ਲੋਕ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਸ. ਸਰਬਜੀਤ ਝਿੰਜਰ ਪਾਰਟੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਹਮੇਸ਼ਾਂ ਪੰਜਾਬ ਦੀ ਜਨਤਾ ਅਤੇ ਖੇਤੀਬਾੜੀ, ਨੌਜਵਾਨਾਂ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ। ਝਿੰਜਰ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਅਤੇ ਦੂਰਦਰਸ਼ੀ ਸਿਆਸਤ ਨੇ ਸੱਤਾ ਵਿੱਚ ਰਹਿੰਦਿਆਂ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਸੀ। ਉਹਨਾਂ ਨੇ ਕਿਹਾ ਕਿ ਜਨਤਾ ਨੇ ਸ. ਸੁਖਬੀਰ ਸਿੰਘ ਬਾਦਲ ਜੀ ਉੱਤੇ ਭਰੋਸਾ ਜਤਾਇਆ ਹੈ, ਅਤੇ ਇਸ ਵਾਰ ਉਹ ਘਨੌਰ ਹਲਕੇ ਵਿੱਚ ਇਕਜੁੱਟ ਹੋ ਕੇ ਅਕਾਲੀ ਦਲ ਨੂੰ ਭਰਪੂਰ ਸਮਰਥਨ ਦੇਵੇਗੀ। ਝਿੰਜਰ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਹਮੇਸ਼ਾ ਲੋਕਾਂ ਨੂੰ ਸੱਚੇ ਨਤੀਜੇ ਦੇਣ ਵਾਲੀ ਰਹੀ ਹੈ ਅਤੇ ਇਸ ਲਈ ਜਨਤਾ ਵਧੇਰੇ ਜੋਸ਼ ਅਤੇ ਭਰੋਸੇ ਨਾਲ ਅਕਾਲੀ ਦਲ ਦੇ ਪੱਖ ਵਿੱਚ ਆ ਰਹੀ ਹੈ।

ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਜਨਤਾ ਨੂੰ ਝੂਠੇ ਲਾਰੇ ਲਗਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਵਿੱਚ ਹਲਕਾ ਘਨੌਰ ਵਿੱਚ ਆਏ ਹੜ੍ਹਾਂ ਕਾਰਨ ਹੋਏ —ਫਸਲਾਂ, ਘਰਾਂ ਅਤੇ ਪਸ਼ੂਆਂ—ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਨਾ ਹੀ ਪਾਰਟੀ ਦੇ ਕਿਸੇ ਨੁਮਾਇੰਦੇ ਨੇ ਹੜ੍ਹ ਪੀੜਤਾਂ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ। ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਨੇ ਅਜੇ ਤੱਕ ਹੜ੍ਹ ਪੀੜਤਾਂ ਦੀ ਮਦਦ ਲਈ ਕੋਈ ਪ੍ਰਮਾਣਿਕ ਕਦਮ ਨਹੀਂ ਚੁੱਕਿਆ। ਭਗਵੰਤ ਮਾਨ ਸਾਬ੍ਹ ਸਿਰਫ਼ ਆਪਣੇ ਆਪ ਨੂੰ ਮਹਾਨ ਦਿਖਾਉਣ ਵਾਲੀਆਂ ਹਵਾਈ ਘੋਸ਼ਣਾਵਾਂ ਕਰਦੇ ਹਨ, ਪਰ ਜਦੋਂ ਜ਼ਮੀਨ ‘ਤੇ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਪਿੱਠ ਦਿਖਾ ਕੇ ਭੱਜਦੇ ਹਨ।

ਸ. ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸ. ਗੁਰਲਾਲ ਘਨੌਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਨੇ ਪਹਿਲਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਚੋਰੀ ਕਰਵਾਈਆਂ ਅਤੇ ਹੁਣ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਚੋਰੀ ਕਰ ਕੇ ਬੇਸ਼ਰਮੀ ਅਤੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਤਰ੍ਹਾਂ ਦੇ ਕਦਮਾਂ ਨਾਲ ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਖੋ ਦਿੱਤਾ ਹੈ। ਲੋਕ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਭਲੀ-ਭਾਂਤ ਜਾਣੂ ਹੋ ਚੁੱਕੇ ਹਨ। ਝਿੰਜਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਿਰਫ਼ ਨੈਤਿਕ ਪੱਖੋਂ ਹੀ ਨਹੀਂ , ਸਗੋਂ ਇਹ ਹਲਕਾ ਘਨੌਰ ਦੀ ਜਨਤਾ ਦੇ ਭਰੋਸੇ ਅਤੇ ਚੋਣ ਪ੍ਰਕਿਰਿਆ ਦੇ ਸਿਧਾਂਤਾਂ ਦੀ ਵੀ ਉਲੰਘਣਾ ਹਨ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਮਨਜੀਤ ਕੌਰ (ਲੋਹਸਿੰਬਲੀ) ਪਤਨੀ ਸ. ਗੁਰਜੰਟ ਸਿੰਘ ਮਹਿਦੂਦਾ ਤੇ ਬਲਾਕ ਸੰਮਤੀ ਦੇ ਵੱਖ-ਵੱਖ ਉਮੀਦਵਾਰ, ਪਾਰਟੀ ਵਰਕਰ ਤੇ ਲੀਡਰ ਸਾਹਿਬਾਨ ਹਾਜ਼ਰ ਸਨ।

LEAVE A REPLY

Please enter your comment!
Please enter your name here