ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਘਟੀਆ ਸਿਆਸਤ ਦਾ ਸਬੂਤ- ਬ੍ਰਹਮਪੁਰਾ ਦਾ ‘ਆਪ’ ‘ਤੇ ਨਿਸ਼ਾਨਾ
ਮਹਿਲਾ ਵਿਧਾਇਕ ਨਾਲ ਵਧੀਕੀ ਅਤੇ ਸੰਵਿਧਾਨਕ ਉਲੰਘਣਾ ‘ਆਪ’ ਦੀ ਘਟੀਆ ਕਾਰਗੁਜ਼ਾਰੀ ਦਾ ਸਬੂਤ- ਬ੍ਰਹਮਪੁਰਾ
ਤਰਨਤਾਰਨ,1 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਆਸੀ ਬਦਲਾਖੋਰੀ ਵਿੱਚ ਇਸ ਕਦਰ ਅੰਨ੍ਹੀ ਹੋ ਚੁੱਕੀ ਹੈ ਕਿ ਉਹ ਲੋਕਤੰਤਰ ਅਤੇ ਸੰਵਿਧਾਨ ਦਾ ਗਲਾ ਘੁੱਟਣ ‘ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਮਜੀਠਾ ਤੋਂ ਚੁਣੀ ਹੋਈ ਮਹਿਲਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਉਨ੍ਹਾਂ ਦੇ ਆਪਣੇ ਹੀ ਘਰ ਜਾਣ ਤੋਂ ਰੋਕਣਾ,ਸਰਕਾਰ ਦੀ ਤਾਨਾਸ਼ਾਹੀ ਅਤੇ ਘਟੀਆ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ,ਉਹ ਕਿਸੇ ਜਾਂਚ ਪ੍ਰਕਿਰਿਆ ਦਾ ਹਿੱਸਾ ਨਹੀਂ,ਸਗੋਂ ਇੱਕ ਡਰ ਅਤੇ ਖੌਫ਼ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਸੀ।ਆਸ-ਪਾਸ ਦੇ ਘਰਾਂ ਦੀਆਂ ਛੱਤਾਂ ‘ਤੇ ਵੱਡੇ ਪੱਧਰ ‘ਤੇ ਪੁਲਿਸ ਬਲਾਂ ਦੀ ਤਾਇਨਾਤੀ ਕਰਨਾ ਅਤੇ ਆਮ ਲੋਕਾਂ ਦੇ ਰੁਜ਼ਗਾਰ ਦੇ ਸਾਧਨ,ਉਨ੍ਹਾਂ ਦੀਆਂ ਦੁਕਾਨਾਂ ਜਬਰੀ ਬੰਦ ਕਰਵਾਉਣੀਆਂ,ਇਹ ਕਿੱਥੋਂ ਦੀ ਨਿਆਂ ਅਤੇ ਜਾਂਚ ਪ੍ਰਣਾਲੀ ਹੈ? ‘ਆਪ’ ਸਰਕਾਰ ਸ.ਮਜੀਠੀਆ ਨੂੰ ਇੱਕ ‘ਏ-ਕਲਾਸ’ ਦੇ ਖਤਰਨਾਕ ਗੈਂਗਸਟਰ ਵਜੋਂ ਪੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ,ਜੋ ਬੇਹੱਦ ਨਿੰਦਣਯੋਗ ਹੈ।ਸਰਕਾਰ ਦੇ ਦੋਹਰੇ ਮਾਪਦੰਡਾਂ ‘ਤੇ ਸਵਾਲ ਚੁੱਕਦਿਆਂ ਸ.ਬ੍ਰਹਮਪੁਰਾ ਨੇ ਕਿਹਾ,ਇੱਕ ਪਾਸੇ ਤਾਂ ਇੱਕ ਬੇਬੁਨਿਆਦ ਵਿੱਤੀ ਮਾਮਲੇ ਵਿੱਚ ਇੱਕ ਸੀਨੀਅਰ ਸਿਆਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉਨ੍ਹਾਂ ਵਿਧਾਇਕਾਂ ਨੂੰ ਸ਼ਹਿ ਦੇ ਰਹੇ ਹਨ ਜਿਹੜੇ ਦੇਸ਼-ਵਿਰੋਧੀ ਸਾਜ਼ਿਸ਼ਾਂ ਦਾ ਹਿੱਸਾ ਬਣ ਕੇ ਰਾਸ਼ਟਰ ਨੂੰ ਕਮਜ਼ੋਰ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ‘ਆਪ’ ਦੇ ਜਿੰਨ੍ਹਾਂ ਵਿਧਾਇਕਾਂ ਨੇ ਰਾਸ਼ਟਰ ਨੂੰ ਕਮਜ਼ੋਰ ਕੀਤਾ ਅਤੇ ਸੂਬੇ ਵਿੱਚ ਨਸ਼ਾ ਲਿਆਂਦਾ,ਉਨ੍ਹਾਂ ‘ਤੇ ਮਾਣਯੋਗ ਰਾਜਪਾਲ ਪੰਜਾਬ,ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਵੀ ਆਰੰਭੀ ਹੋਈ ਹੈ।ਸਾਨੂੰ ਉਮੀਦ ਹੈ ਕਿ ਜਲਦੀ ਹੀ ਅਜਿਹੇ ਦੇਸ਼-ਧ੍ਰੋਹੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸ.ਬ੍ਰਹਮਪੁਰਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ, ਕਿ ਭਗਵੰਤ ਮਾਨ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਜਿੰਨਾ ਮਰਜ਼ੀ ਜ਼ੁਲਮ ਅਤੇ ਧੱਕਾ ਕਰ ਲਵੇ,ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸੱਚ ਅਤੇ ਹੱਕ ਲਈ ਡੱਟ ਕੇ ਖੜ੍ਹਾ ਹੈ।ਅਸੀਂ ਸਰਕਾਰ ਦੀ ਇਸ ਗੁੰਡਾਗਰਦੀ ਅਤੇ ਬਦਲਾਖੋਰੀ ਦੀ ਰਾਜਨੀਤੀ ਦਾ ਡਟ ਕੇ ਵਿਰੋਧ ਕਰਾਂਗੇ ਜੇ ਤੁਹਾਡੀਆਂ ਸਰਕਾਰਾਂ ਨੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੁੰਦਾ,ਲੋਕਾਂ ਦੇ ਮਸਲੇ ਹੱਲ ਕੀਤੇ ਹੁੰਦੇ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਆ ਡਰਾਮੇ ਨਾ ਕਰਨੇ ਪੈਂਦੇ।ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਤੁਹਾਡੀ ਘਟੀਆ ਸਿਆਸਤ ਦਾ ਸਬੂਤ ਹੈ।ਰਾਜਨੀਤੀ ਮੁੱਦਿਆਂ ਦੀ ਹੁੰਦੀ ਹੈ, ਨਿੱਜੀ ਦੁਸ਼ਮਣੀਆਂ ਦੀ ਨਹੀਂ। ਸ.ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ,ਸਰਕਾਰ ਆਪਣੇ ਉਨ੍ਹਾਂ ਵਿਧਾਇਕਾਂ ਦੀ ਨਕੇਲ ਕੱਸੇ ਜੋ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਅਤੇ ਜਿਨ੍ਹਾਂ ‘ਤੇ ਮਾਣਯੋਗ ਰਾਜਪਾਲ ਵੀ ਕਾਰਵਾਈ ਦੀ ਸਿਫਾਰਸ਼ ਕਰ ਚੁੱਕੇ ਹਨ।ਅੰਤ ਵਿੱਚ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਇਨ੍ਹਾਂ ਲੋਕ-ਵਿਰੋਧੀ ਅਤੇ ਤਾਨਾਸ਼ਾਹੀ ਕਾਰਵਾਈਆਂ ਦਾ ਹਿਸਾਬ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਜ਼ਰੂਰ ਲੈਣਗੇ।