ਧਾਲੀਵਾਲ ਵੱਲੋਂ ਸਕਿਆਂ ਵਾਲੀ ਵਿੱਚ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ
ਕਈ ਸਰਕਾਰਾਂ ਤੋਂ ਰੁਕਿਆ ਆ ਰਿਹਾ ਕੰਮ ਧਾਲੀਵਾਲ ਦੇ ਯਤਨਾਂ ਨਾਲ ਹੋਇਆ ਪੂਰਾ
ਅੰਮ੍ਰਿਤਸਰ , 30 ਮਾਰਚ 2025
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਅਜਨਾਲਾ ਹਲਕਾ ਜੋ ਕਿ ਕਿਸੇ ਵੇਲੇ ਰਾਜ ਦਾ ਸਭ ਤੋਂ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ, ਦੇ ਪਿੰਡਾਂ ਵਿੱਚ ਵੀ ਹੁਣ ਸੀਵਰੇਜ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਕਿਆਂ ਵਾਲੀ ਪਿੰਡ ਵਿੱਚ ਉਹਨਾਂ ਵੱਲੋਂ ਸੀਵਰਜ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰ ਦੀ ਕਮਾਈ ਦਾ ਇੱਕ ਇੱਕ ਪੈਸਾ ਲੋਕਾਂ ਉੱਤੇ ਖਰਚ ਕੀਤਾ ਜਾ ਰਿਹਾ ਹੈ, ਜਿਸ ਸਦਕਾ ਉਹ ਪਿੰਡ ਜੋ ਕਿ ਕਿਸੇ ਵੇਲੇ ਗਲੀਆਂ ਅਤੇ ਨਾਲੀਆਂ ਨੂੰ ਹੀ ਤਰਸਦੇ ਸਨ ਵਿੱਚ ਹੁਣ ਸੀਵਰੇਜ ਪਾਉਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤੇ ਗਏ ਹਨ।
   ਉਹਨਾਂ ਦੱਸਿਆ ਕਿ ਮੈਂ ਇਸ ਪਿੰਡ ਦੀਆਂ ਗਲੀਆਂ ਵਿੱਚ ਅਕਸਰ ਪਾਣੀ ਖੜਾ ਰਹਿੰਦਾ ਸੀ ਜੋ ਕਿ ਘਰਾਂ ਵਿੱਚ ਵੀ ਵੜ ਜਾਂਦਾ ਸੀ । ਚੋਣਾਂ ਵੇਲੇ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਪਿੰਡ ਦੇ ਗੰਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਪਿੰਡ ਦਾ ਸੀਵਰੇਜ ਚਾਲੂ ਕਰਵਾ ਸਕਿਆ ਹਾਂ।
  ਉਹਨਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਿਹਾ ਹਾਂ। ਪਿੰਡਾਂ ਵਿੱਚ ਜਿੱਥੇ ਵਧੀਆ ਸਕੂਲ ਬਣ ਚੁੱਕੇ ਹਨ, ਉੱਥੇ ਪੰਚਾਇਤ ਘਰ, ਲਾਇਬਰੇਰੀਆਂ ਵਰਗੀਆਂ ਸਹੂਲਤਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ ।
 ਸ ਧਾਲੀਵਾਲ ਨੇ  ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਇਸ ਵਾਰ ਬਜਟ ਵਿੱਚ ਪਿੰਡਾਂ ਲਈ ਪੈਸੇ ਰੱਖੇ ਗਏ ਹਨ, ਜਿਸ ਨਾਲ ਪਿੰਡਾਂ ਦੀਆਂ ਫਿਰਨੀਆਂ, ਗੰਦੇ ਪਾਣੀ ਦੇ ਨਿਕਾਸ ਲਈ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਪਿੰਡਾਂ ਦੇ ਵਿੱਚ ਵਧੀਆ ਖੇਡ ਮੈਦਾਨ ਤਿਆਰ ਕਰਵਾਏ ਜਾਣਗੇ, ਜਿਸ ਦਾ ਕੰਮ ਇਸ ਅਪ੍ਰੈਲ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ।  ਉਹਨਾਂ ਕਿਹਾ ਕਿ ਬੱਚਿਆਂ ਦੇ ਖੇਡਣ ਅਤੇ ਸੈਰ ਲਈ ਵਧੀਆ ਮੈਦਾਨ ਬਣ ਨਾਲ ਪਿੰਡਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ , ਜੋ ਕਿ ਮੇਰੀ ਦਿਲੀ ਇੱਛਾ ਹੈ। ਇਸ ਮੌਕੇ ਬੀਡੀਪੀਓ ਮਲਕੀਤ ਸਿੰਘ ਹਾਂਡਾ, ਨੰਬਰਦਾਰ ਹਰਜੀਤ ਸਿੰਘ, ਜਸਬੀਰ ਸਿੰਘ ਸਹੋਤਾ, ਪੰਚਾਇਤ ਅਫਸਰ ਕੁਲਵਿੰਦਰ ਸਿੰਘ, ਜੇਈ ਸੁਸ਼ੀਲ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
         
                



