ਲੁਧਿਆਣਾ, 11 ਜਨਵਰੀ -ਪੰਜਾਬੀਆਂ ਲਈ ਲੋਹੜੀ ਦਾ ਤਿਉਹਾਰ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ, ਕਿਉਂਕਿ ਜਿਸ ਘਰ ‘ਚ ਨਵਾਂ ਵਿਆਹ ਅਤੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਉਹ ਵਿਸ਼ੇਸ਼ ਤੌਰ ‘ਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਇਸ ਦਿਨ ਰਿਸ਼ਤੇਦਾਰਾਂ, ਧੀਆਂ ਤੇ ਭੈਣਾਂ ਨੂੰ ਘਰ ਬੁਲਾਕੇ ਖੁਸ਼ੀਆਂ ਮਨਾਉਂਦੇ ਹਨ। ਇਹ ਤਿਉਹਾਰ ਭੈਣਾਂ ਅਤੇ ਬੇਟੀਆਂ ਦੀ ਰੱਖਿਆ, ਸਨਮਾਨ ਅਤੇ ਖੁਸ਼ੀਆਂ ਲਈ ਮਨਾਇਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਪਹਿਲਾਂ ਲੋਕ ਲੜਕਾ ਹੋਣ ਦੀ ਖੁਸ਼ੀ ‘ਚ ਵੱਡੇ ਪੱਧਰ ‘ਤੇ ਲੋਹੜੀ ‘ਤੇ ਸਮਾਗਮ ਕਰਵਾਉਂਦੇ ਸਨ ਪਰ ਹੁਣ ਇਸ ਸੋਚ ਵਿਚ ਤਬਦੀਲੀ ਆ ਚੁੱਕੀ ਹੈ। ਲੋਕ ਹੁਣ ਲੜਕੀਆਂ ਦੇ ਜਨਮ ਦੀ ਖੁਸ਼ੀ ਦੇ ਵੀ ਵੱਡੇ ਪੱਧਰ ‘ਤੇ ਸਮਾਗਮ ਕਰਵਾ ਰਹੇ ਹਨ ਜੋ ਇਕ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਪੜ੍ਹਾਈ ਦੇ ਮੌਕੇ ਦਿੱਤੇ ਜਾਣ, ਤਾਂ ਕਿ ਉਹ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰ ਸਕਣ। ਗਰਚਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਆਸ-ਪਾਸ ਦੇ ਰਾਜਾਂ ਜਿਵੇਂ ਕਿ ਹਰਿਆਣਾ, ਹਿਮਾਚਲ ‘ਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਸਾਨੂੰ ਇਸ ਦਿਨ ‘ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਮਾਜ ‘ਚ ਵੈਰ ਅਤੇ ਵਿਰੋਧ ਨੂੰ ਵੀ ਜਲਾਇਆ ਜਾਵੇ ਅਤੇ ਹਰ ਇਕ ਨਾਲ ਪਿਆਰ ਦੀ ਭਾਵਨਾ ਨਾਲ ਰਿਸ਼ਤੇ ਨਿਭਾਏ ਜਾਣ, ਕਿਉਂਕਿ ਰਿਸ਼ਤਿਆਂ ਨਾਲ ਹੀ ਸਾਡੀ ਸਮਾਜ ਵਿੱਚ ਕਦਰ ਵੱਧਦੀ ਹੈ। ਉਨਾਂ ਕਿਹਾ ਕਿ ਸਮਾਂ ਹੁਣ ਬਦਲ ਚੁੱਕਿਆ ਹੈ। ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਅਜੋਕੇ ਦੌਰ ਵਿਚ ਲੜਕੀਆਂ ਨੇ ਸਮਾਜ ਦੇ ਹਰ ਖੇਤਰ ਵਿਚ ਨਾਂ ਰੋਸ਼ਨਾਇਆ ਹੈ ਅਤੇ ਉਨ੍ਹਾਂ ਵੱਲੋਂ ਹੀ ਆਪਣੇ ਮਾਂ ਬਾਪ ਦੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਨਾਲ ਵੰਡਾਏ ਜਾਂਦੇ ਹਨ।
Boota Singh Basi
President & Chief Editor







