*ਨੀਲ ਗਰਗ ਦਾ ਜਾਖੜ ‘ਤੇ ਪਲਟਵਾਰ: ਅੰਸਾਰੀ ਨੂੰ ਪੰਜਾਬ ‘ਚ ਕੌਣ ਲਿਆਇਆ ਸੀ?*
*ਪੰਜਾਬ ਦੂਜਾ ਸਭ ਤੋਂ ਸੁਰੱਖਿਅਤ ਸੂਬਾ, ਵਿਰੋਧੀ ਝੂਠ ਬੋਲਣਾ ਬੰਦ ਕਰਨ: ਨੀਲ ਗਰਗ*
*ਭਾਜਪਾ-ਕਾਂਗਰਸ ਦੇ ਸੂਬਿਆਂ ‘ਚ ਸਭ ਤੋਂ ਵੱਧ ਅਪਰਾਧ, ਸਵਾਲ ਪੰਜਾਬ ਨੂੰ ਕਿਉਂ?- ਨੀਲ ਗਰਗ*
ਚੰਡੀਗੜ੍ਹ, 7 ਦਸੰਬਰ 2025
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਬੁਲਾਰੇ ਨੀਲ ਗਰਗ ਨੇ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਤੇ ਕਾਂਗਰਸ ਸਿਰਫ਼ ਰਾਜਨੀਤਿਕ ਫਾਇਦੇ ਲਈ ਝੂਠੇ ਤੱਥਾਂ ਦੇ ਆਧਾਰ ‘ਤੇ ਪੰਜਾਬ ਨੂੰ ਬਦਨਾਮ ਕਰ ਰਹੀਆਂ ਹਨ।
ਨੀਲ ਗਰਗ ਨੇ ਐਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇਸ਼ ਦੇ ਸਭ ਤੋਂ ਵੱਧ ਸੁਰੱਖਿਅਤ ਸੂਬਿਆਂ ਵਿੱਚੋਂ ਦੂਜੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਜੇਕਰ ਅਪਰਾਧ ਦੀ ਗੱਲ ਕਰੀਏ ਤਾਂ ਦੇਸ਼ ਦੇ ਸਭ ਤੋਂ ਵੱਧ ਅਪਰਾਧ ਵਾਲੇ 10 ਸੂਬਿਆਂ ਵਿੱਚੋਂ 8 ਭਾਜਪਾ ਸ਼ਾਸਿਤ ਹਨ ਤੇ 2 ਕਾਂਗਰਸ ਸ਼ਾਸਿਤ ਹਨ।
ਪੋਸਕੋ ਮਾਮਲਿਆਂ ਦਾ ਜ਼ਿਕਰ ਕਰਦਿਆਂ ਨੀਲ ਗਰਗ ਨੇ ਕਿਹਾ ਕਿ ਅੱਜ ਹੀ ਇੱਕ ਵੱਡੇ ਅਖਬਾਰ ਵਿੱਚ ਛਪੀ ਰਿਪੋਰਟ ਮੁਤਾਬਕ ਪਹਿਲੇ ਤਿੰਨ ਸੂਬਿਆਂ ਵਿੱਚ ਯੂਪੀ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਆਉਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਫਿਰ ਸਵਾਲ ਪੰਜਾਬ ਨੂੰ ਕਿਉਂ ਕੀਤੇ ਜਾ ਰਹੇ ਹਨ? ਕੀ ਸੱਚ ਬੋਲਣ ਵਿੱਚ ਸ਼ਰਮ ਆਉਂਦੀ ਹੈ?
ਨੀਲ ਗਰਗ ਨੇ ਸੁਖਬੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜਾਖੜ ਸਾਹਿਬ, ਤੁਸੀਂ ਉਦੋਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ, ਤਾਂ ਅੰਸਾਰੀ ਨੂੰ ਪੰਜਾਬ ਵਿੱਚ ਕੌਣ ਲੈ ਕੇ ਆਇਆ ਸੀ? ਉਦੋਂ ਤਾਂ ਤੁਸੀਂ ਇੱਕ ਸ਼ਬਦ ਨਹੀਂ ਬੋਲਿਆ ਤੇ ਅੱਜ ਪੰਜਾਬ ਨੂੰ ਬਦਨਾਮ ਕਰਨ ‘ਤੇ ਲੱਗੇ ਹੋਏ ਹਨ।
ਆਪ ਬੁਲਾਰੇ ਨੇ ਕਿਹਾ ਕਿ ਜਿਸ ਡਾਟੇ ਦੀ ਗੱਲ ਕੀਤੀ ਜਾ ਰਹੀ ਹੈ, ਉਹ ਐਨਸੀਆਰਬੀ ਦਾ ਡਾਟਾ ਹੈ ਜੋ ਕੇਂਦਰੀ ਏਜੰਸੀ ਤਿਆਰ ਕਰਦੀ ਹੈ, ਨਾ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ। ਉਹੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਸਭ ਤੋਂ ਵੱਧ ਸੁਰੱਖਿਅਤ ਸੂਬਿਆਂ ਵਿੱਚੋਂ ਦੂਜੇ ਨੰਬਰ ‘ਤੇ ਆਉਂਦਾ ਹੈ ਤੇ ਦੇਸ਼ ਦੇ ਪਹਿਲੇ 10 ਸੂਬੇ ਜਿੱਥੇ ਸਭ ਤੋਂ ਵੱਧ ਅਪਰਾਧ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਭਾਜਪਾ ਸ਼ਾਸਿਤ ਪ੍ਰਦੇਸ਼ ਹਨ।
ਨੀਲ ਗਰਗ ਨੇ ਜਾਖੜ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਿਰਫ਼ ਰਾਜਨੀਤਿਕ ਮਾਈਲੇਜ ਲੈਣ ਲਈ ਪੰਜਾਬ ਨੂੰ ਬਦਨਾਮ ਨਾ ਕਰੋ ਤੇ ਘੱਟੋ-ਘੱਟ ਸੱਚ ਬੋਲਣ ਦੀ ਹਿੰਮਤ ਰੱਖੋ।






