ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਬੀ.ਕੇ.ਆਈ. ਅੱਤਵਾਦੀ ਮਾਡਿਊਲ ਨਾਲ ਜੁੜੇ ਦੋ ਕਾਰਕੁੰਨ 2.5 ਕਿਲੋਗ੍ਰਾਮ ਆਰ.ਡੀ.ਐਕਸ ਅਧਾਰਤ ਆਈ.ਈ.ਡੀ. ਸਮੇਤ ਕਾਬੂ
ਬੀ.ਕੇ.ਆਈ. ਮਾਸਟਰਮਾਈਂਡ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ‘ਤੇ ਯੂ.ਕੇ. ਦੇ ਹੈਂਡਲਰਾ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਮਾਰਾਏ ਵੱਲੋਂ ਚਲਾਇਆ ਜਾ ਰਿਹਾ ਸੀ ਮਾਡਿਊਲ: ਡੀ.ਜੀ.ਪੀ. ਗੌਰਵ ਯਾਦਵ
ਮੁੱਢਲੀ ਜਾਂਚ ਦੇ ਅਨੁਸਾਰ ਮਿੱਥੇ ਹੋਏ ਅੱਤਵਾਦੀ ਹਮਲੇ ਲਈ ਵਰਤਿਆ ਜਾਣਾ ਸੀ ਆਈ.ਈ.ਡੀ.
ਚੰਡੀਗੜ/ਜਲੰਧਰ, 9 ਅਕਤੂਬਰ 2025:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅੱਤਵਾਦੀ ਮਾਡਿਊਲ ਦੇ ਦੋ ਕਾਰਕੁੰਨਾਂ ਨੂੰ, ਲਗਭਗ 2.5 ਕਿਲੋਗ੍ਰਾਮ ਆਰ.ਡੀ.ਐਕਸ-ਅਧਾਰਤ ਆਈ.ਈ.ਡੀ. ਅਤੇ ਇੱਕ ਰਿਮੋਟ ਕੰਟਰੋਲ ਸਮੇਤ ਗ੍ਰਿਫਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇੱਥੇ ਦਿੱਤੀ।
ਇਹ ਮਾਡਿਊਲ ਬੀ.ਕੇ.ਆਈ. ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਯੂ.ਕੇ.-ਅਧਾਰਤ ਹੈਂਡਲਰਾ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਮਾਰਾਏ ਦੁਆਰਾ ਚਲਾਇਆ ਜਾ ਰਿਹਾ ਸੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜਿੰਦਰ ਸਿੰਘ ਉਰਫ ਰਿੰਕੂ ਵਾਸੀ ਪਿੰਡ ਅਠਵਾਲ (ਗੁਰਦਾਸਪੁਰ) ਅਤੇ ਦੀਵਾਨ ਸਿੰਘ ਉਰਫ ਨਿੱਕੂ ਵਾਸੀ ਨਿੱਕੋ ਸਰਾਂ ਕਲਾਂ (ਗੁਰਦਾਸਪੁਰ), ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨਾਂ ਦੀ ਕਾਲੇ ਰੰਗ ਦੀ ਹੀਰੋ ਸਪਲੈਂਡਰ ਮੋਟਰਸਾਈਕਲ ਨੂੰ ਵੀ ਜ਼ਬਤ ਕੀਤਾ ਹੈ, ਜਿਸ ‘ਤੇ ਉਹ ਸਵਾਰ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਵੇਂ ਵਿਅਕਤੀਆਂ ਨੂੰ ਉਨਾਂ ਦੇ ਯੂ.ਕੇ.-ਅਧਾਰਤ ਸੰਚਾਲਕਾਂ ਨਿਸ਼ਾਨ ਜੌੜੀਆਂ ਅਤੇ ਆਦੇਸ਼ ਜਮਾਰਾਏ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ। ਉਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਆਰਡੀਐਕਸ-ਅਧਾਰਤ ਆਈਈਡੀ ਮਿੱਥੇ ਹੋਏ ਅੱਤਵਾਦੀ ਹਮਲੇ ਲਈ ਵਰਤਿਆ ਜਾਣਾ ਸੀ।
ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਡੀਜੀਪੀ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਸੀ.ਆਈ. ਜਲੰਧਰ ਦੀਆਂ ਟੀਮਾਂ ਨੇ ਖੁਫੀਆ ਕਾਰਵਾਈ ਤਹਿਤ ਜਲੰਧਰ ਦੇ ਗੁਰੂ ਨਾਨਕਪੁਰਾ ਖੇਤਰ ਤੋਂ ਦੋਵਾਂ ਸ਼ੱਕੀਆਂ ਨੂੰ ਉਦੋਂ ਗਿ੍ਰਫਤਾਰ ਕੀਤਾ, ਜਦੋਂ ਉਹ ਖੇਪ ਨੂੰ ਕਿਸੇ ਹੋਰ ਟਿਕਾਣੇ ’ਤੇ ਪਹੁੰਚਾਉਣ ਜਾ ਰਹੇ ਸਨ।
ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਅਤੇ ਉਨਾਂ ਵਿਅਕਤੀਆਂ, ਜਿਨਾਂ ਨੂੰ ਖੇਪ ਡਿਲੀਵਰ ਕੀਤੀ ਜਾਣੀ ਸੀ ,ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ ।
ਜ਼ਿਕਰਯੋਗ ਹੈ ਕਿ ਪੁਲਿਸ ਸਟੇਸ਼ਨ ਐਸ.ਐਸ.ਓ.ਸੀ., ਅੰਮਿ੍ਰਤਸਰ ਵਿਖੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀ ਧਾਰਾ 10, 13, 15, 17, 18, 18-ਬੀ ਅਤੇ 20 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਤਹਿਤ ਐਫਆਈਆਰ ਨੰਬਰ 58 ਮਿਤੀ 08.10.2025 ਨੂੰ ਕੇਸ ਦਰਜ ਕੀਤੀ ਗਈ ਹੈ।