ਸੰਗਰੂਰ, 17 ਅਕਤੂਬਰ, 2022: ਬੀਤੀ ਰਾਤ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੇ ਗੀਤ ਸੰਗੀਤ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਖੇਤਰੀ ਸਰਸ ਮੇਲਾ ਹਜ਼ਾਰਾਂ ਦਰਸ਼ਕਾਂ ਦੀ ਸਦੀਵੀ ਯਾਦ ਦਾ ਹਿੱਸਾ ਬਣ ਗਿਆ। ਦੂਰੋਂ ਨੇੜਿਓਂ ਹਜ਼ਾਰਾਂ ਸੰਗੀਤ ਪ੍ਰੇਮੀਆਂ ਨੇ ਲਗਭਗ ਦੋ ਘੰਟੇ ਸਤਿੰਦਰ ਸਰਤਾਜ ਦੇ ਵਿਲੱਖਣ ਅੰਦਾਜ਼ ਦਾ ਆਨੰਦ ਮਾਣਿਆ ਅਤੇ ਉਸ ਨੇ ਵੀ ਦਰਸ਼ਕਾਂ ਦੇ ਜ਼ਬਰਦਸਤ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਫਰਮਾਇਸ਼ ਅਨੁਸਾਰ ਗੀਤ ਗਾਏ।
ਅੱਜ ਖੇਤਰੀ ਸਰਸ ਮੇਲਾ ਸੰਗਰੂਰ-2022 ਦੇ 9ਵੇਂ ਦਿਨ ਆਯੋਜਿਤ ਇਸ ਸਟਾਰ ਨਾਈਟ ਮੌਕੇ ਸਤਿੰਦਰ ਸਰਤਾਜ ਨੇ ਆਪਣੇ ਪ੍ਰਸਿੱਧ ਗੀਤਾਂ ਸਾਈਂ, ਯਾਮ੍ਹਾ, ਗੁਰਮੁਖੀ ਦਾ ਬੇਟਾ, ਤੇਰੇ ਵਾਸਤੇ, ਇਕੋ ਮਿੱਕੋ ਆਦਿ ਨਾਲ ਸਰੋਤਿਆਂ ਨੂੰ ਆਨੰਦਮਈ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ, ਐਸ. ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਵੀਰ ਸਿੰਘ ਤੇ ਪ੍ਰੋ. ਉਂਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਅਨਮੋਲ ਸਿੰਘ ਧਾਲੀਵਾਲ ਨੇ ਵੀ ਸਰਤਾਜ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ।






